September 8, 2026
Prabhsimran Singh / Bathinda
ਥਾਣਾ ਸੰਗਤ ਪੁਲਸ ਨੇ ਪਿੰਡ ਸੰਗਤ ਕਲਾਂ ਨੇੜਿਓਂ ਇਕ ਪਤੀ-ਪਤਨੀ ਨੂੰ 6 ਗ੍ਰਾਮ ਚਿੱਟੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਮੁਤਾਬਕ ਦੋਵੇਂ ਸ਼ੱਕੀ ਹਾਲਾਤ ਵਿੱਚ ਪਿੰਡ ਵੱਲ ਆ ਰਹੇ ਸਨ, ਜਿਸ ਦੌਰਾਨ ਗਸ਼ਤ ਕਰ ਰਹੀ ਪੁਲਸ ਪਾਰਟੀ ਦੀ ਉਨ੍ਹਾਂ ’ਤੇ ਨਜ਼ਰ ਪਈ। ਹੌਲਦਾਰ ਫੈਜ਼ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਪੁਲਸ ਪਾਰਟੀ ਸੰਗਤ ਕਲਾਂ ਨੇੜੇ ਪਹੁੰਚੀ ਤਾਂ ਇਕ ਮਰਦ ਅਤੇ ਇਕ ਔਰਤ ਸ਼ੱਕੀ ਹਾਲਾਤ ਵਿੱਚ ਪਿੰਡ ਵੱਲ ਆਉਂਦੇ ਦਿਖਾਈ ਦਿੱਤੇ। ਪੁਲਸ ਨੇ ਦੋਵਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਤੋਂ ਬਾਅਦ ਤਲਾਸ਼ੀ ਲਈ। ਪੁਲਸ ਅਨੁਸਾਰ ਤਲਾਸ਼ੀ ਦੌਰਾਨ ਦੋਵਾਂ ਕੋਲੋਂ 6 ਗ੍ਰਾਮ ਚਿੱਟਾ ਬਰਾਮਦ ਹੋਇਆ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਅਤੇ ਉਸ ਦੀ ਪਤਨੀ ਮਨਜਿੰਦਰ ਕੌਰ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਮਾਮਲੇ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।