October 16, 2026
ਦਿੱਲੀ ’ਚ ‘ਲਹਿਰਾ ਦੋ ਤਿਰੰਗਾ’ ਮਾਰਚ ਦੇ ਮੱਦੇਨਜ਼ਰ ਟਰੈਫਿਕ ਐਡਵਾਈਜ਼ਰੀ ਜਾਰੀ, ਸੈਂਟਰਲ ਪਾਰਕ ਦੋ ਦਿਨ ਰਹੇਗਾ ਬੰਦ
Prabhsimran Singh / Delhi
ਦਿੱਲੀ ਦੇ ਕਨਾਟ ਪਲੇਸ ਸਥਿਤ ਸੈਂਟਰਲ ਪਾਰਕ ਵਿਖੇ ਕੌਕਰੋਚ ਜਨਤਾ ਪਾਰਟੀ (CJP) ਦੇ ਪ੍ਰਸਤਾਵਿਤ ‘ਲਹਿਰਾ ਦੋ ਤਿਰੰਗਾ’ ਮਾਰਚ ਦੇ ਮੱਦੇਨਜ਼ਰ ਦਿੱਲੀ ਟਰੈਫਿਕ ਪੁਲੀਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲੀਸ ਨੇ ਯਾਤਰੀਆਂ ਨੂੰ ਕਨਾਟ ਪਲੇਸ ਅਤੇ ਇਸ ਦੇ ਆਲੇ-ਦੁਆਲੇ ਦੇ ਕਈ ਰਸਤਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਐਡਵਾਈਜ਼ਰੀ ਮੁਤਾਬਕ ਸ਼ਾਮ 3 ਵਜੇ ਤੋਂ ਇਲਾਕੇ ਵਿੱਚ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਸੰਸਦ ਮਾਰਗ, ਬਾਬਾ ਖੜਕ ਸਿੰਘ ਮਾਰਗ, ਸ਼ਹੀਦ ਭਗਤ ਸਿੰਘ ਮਾਰਗ, ਪੰਚਕੁਈਆਂ ਰੋਡ, ਬਸੰਤ ਲੇਨ, ਚੇਲਮਸਫੋਰਡ ਰੋਡ, ਮਿੰਟੋ ਰੋਡ, ਬਾਰਾਖੰਭਾ ਰੋਡ, ਕਸਤੂਰਬਾ ਗਾਂਧੀ ਮਾਰਗ, ਜਨਪਥ, ਰੇਲ ਭਵਨ, ਰਫੀ ਮਾਰਗ, ‘ਸੀ’ ਹੈਕਸਾਗਨ, ਮੰਡੀ ਹਾਊਸ, ਪਟੇਲ ਚੌਕ, ਵਿੰਡਸਰ ਪਲੇਸ, ਗੋਲ ਡਾਕ ਖਾਨਾ, ਅਸ਼ੋਕ ਰੋਡ (ਜੀ.ਪੀ.ਓ. ਤੋਂ ‘ਸੀ’ ਹੈਕਸਾਗਨ ਤੱਕ), ਤਿਲਕ ਮਾਰਗ, ਟਾਲਸਟਾਏ ਮਾਰਗ ਅਤੇ ਸਿਕੰਦਰਾ ਰੋਡ ਨੂੰ ਪ੍ਰਭਾਵਿਤ ਹੋਣ ਵਾਲੇ ਰਸਤਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਹੈ ਕਿ ਮੌਕੇ ਦੀ ਸਥਿਤੀ ਦੇ ਆਧਾਰ ’ਤੇ ਆਵਾਜਾਈ ਲਈ ਡਾਇਨਾਮਿਕ ਡਾਇਵਰਸ਼ਨ ਲਾਗੂ ਕੀਤੇ ਜਾਣਗੇ। ਯਾਤਰੀਆਂ ਨੂੰ ਵਾਧੂ ਸਮਾਂ ਲੈ ਕੇ ਘਰੋਂ ਨਿਕਲਣ, ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਅਤੇ ਜਿੱਥੇ ਸੰਭਵ ਹੋਵੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੌਰਾਨ ਨਵੀਂ ਦਿੱਲੀ ਮਿਉਂਸਪਲ ਕੌਂਸਲ (NDMC) ਨੇ ਐਲਾਨ ਕੀਤਾ ਹੈ ਕਿ ਸੈਂਟਰਲ ਪਾਰਕ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ‘ਪ੍ਰਸ਼ਾਸਨਿਕ ਕਾਰਨਾਂ’ ਕਰਕੇ ਆਮ ਲੋਕਾਂ ਲਈ ਬੰਦ ਰਹੇਗਾ। ਇਹ ਫ਼ੈਸਲਾ ਦਿੱਲੀ ਹਾਈ ਕੋਰਟ ਵੱਲੋਂ CJP ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ। ਇਹ ਮਾਰਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਪ੍ਰਦਰਸ਼ਨਾਂ ਨੂੰ ਲੈ ਕੇ CJP ਅਤੇ ਦਿੱਲੀ ਪੁਲੀਸ ਵਿਚਕਾਰ ਚੱਲ ਰਹੇ ਟਕਰਾਅ ਦੇ ਮਾਹੌਲ ਵਿੱਚ ਐਲਾਨਿਆ ਗਿਆ ਸੀ। CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਨੂੰ 13 ਅਕਤੂਬਰ ਨੂੰ ਜੰਤਰ-ਮੰਤਰ ਵਿੱਚ ਦਾਖ਼ਲ ਹੋਣ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਇਸ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਦਿੱਲੀ ਪੁਲੀਸ ਨੇ ਲੋਕਾਂ ਨੂੰ ਮਾਰਚ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਪੁਲੀਸ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਇੱਕ ਚੋਣਵੇਂ ਸਮੂਹ ਨੂੰ ਢੁਕਵੀਂ ਥਾਂ ’ਤੇ ਰਾਸ਼ਟਰੀ ਤਿਰੰਗਾ ਲਹਿਰਾਉਣ ਅਤੇ ਰਾਸ਼ਟਰ ਗਾਨ ਗਾਉਣ ਦੀ ਸਹੂਲਤ ਦੇ ਸਕਦੀ ਹੈ। ਪੁਲੀਸ ਮੁਤਾਬਕ ਸ਼ਾਂਤੀ ਬਣਾਈ ਰੱਖਣ ਅਤੇ ਮਨੁੱਖੀ ਜਾਨਾਂ ਦੇ ਨਾਲ-ਨਾਲ ਜਨਤਕ ਤੇ ਨਿੱਜੀ ਜਾਇਦਾਦ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਲਾਕੇ ਵਿੱਚ ਵੱਡੇ ਇਕੱਠਾਂ ’ਤੇ ਪਾਬੰਦੀ ਲਗਾਉਣ ਵਾਲੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਹੈ।
Delhi Traffic Advisory Lahra Do Tiranga March Cjp Central Park Connaught Place Delhi Traffic Police Ndmc New Delhi Gyanesh Kumar Jantar Mantar Delhi High Court Bnss Section 163 Traffic Diversions Public Transport Advisory India News Delhi New