October 18, 2026
ਆਨਲਾਈਨ ਗੇਮਿੰਗ ਦੇ ਲਾਲਚ ’ਚ ਕੰਪਨੀ ਦੇ ਖਾਤੇ ’ਚੋਂ 50 ਲੱਖ ਰੁਪਏ ਟਰਾਂਸਫਰ, ਅਕਾਊਂਟੈਂਟ ਖ਼ਿਲਾਫ਼ ਕੇਸ ਦਰਜ
Prabhsimran Singh / Noida
ਨੋਇਡਾ ਵਿੱਚ ਆਨਲਾਈਨ ਗੇਮਿੰਗ ਰਾਹੀਂ ਮੋਟੀ ਰਕਮ ਕਮਾਉਣ ਦੇ ਲਾਲਚ ਵਿੱਚ ਇੱਕ ਅਕਾਊਂਟੈਂਟ ਵੱਲੋਂ ਕਥਿਤ ਤੌਰ ’ਤੇ ਆਪਣੀ ਕੰਪਨੀ ਦੇ ਬੈਂਕ ਖਾਤਿਆਂ ਵਿੱਚੋਂ 50 ਲੱਖ ਰੁਪਏ ਸਾਈਬਰ ਅਪਰਾਧੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੇ ਮਾਲਕ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਕਾਊਂਟੈਂਟ ਪੀਯੂਸ਼ ਮਿਸ਼ਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਈਬਰ ਅਪਰਾਧ ਪੁਲੀਸ ਦੀ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਦੱਸਿਆ ਕਿ ਟੁਕੜੀਆ ਲਖਮਣ ਨੇ ਸ਼ਨਿਚਰਵਾਰ ਰਾਤ ਸਾਈਬਰ ਕ੍ਰਾਈਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤਕਰਤਾ ਮੁਤਾਬਕ ਨੋਇਡਾ ਦੇ ਸੈਕਟਰ 80 ਵਿੱਚ ਸਥਿਤ ਉਨ੍ਹਾਂ ਦੀ ਕੰਪਨੀ ਕਾਰਪੋਰੇਟ ਤੋਹਫ਼ਿਆਂ ਅਤੇ ਹਾਊਸਕੀਪਿੰਗ ਦਾ ਕੰਮ ਕਰਦੀ ਹੈ। ਕੰਪਨੀ ਦੇ ਦੋਵੇਂ ਬੈਂਕ ਖਾਤਿਆਂ ਦੀ ਦੇਖਭਾਲ ਲਈ ਪੀਯੂਸ਼ ਮਿਸ਼ਰਾ ਨੂੰ ਅਕਾਊਂਟੈਂਟ ਨਿਯੁਕਤ ਕੀਤਾ ਗਿਆ ਸੀ। ਸ਼ਿਕਾਇਤ ਅਨੁਸਾਰ, ਪੀਯੂਸ਼ ਨੂੰ ਆਨਲਾਈਨ ਗੇਮ ਖੇਡ ਕੇ ਵਧੇਰੇ ਮੁਨਾਫ਼ਾ ਕਮਾਉਣ ਦਾ ਪ੍ਰਸਤਾਵ ਮਿਲਿਆ ਸੀ। ਇਸ ਨੂੰ ਸਵੀਕਾਰ ਕਰਨ ਤੋਂ ਬਾਅਦ ਉਸ ਨੇ 1 ਸਤੰਬਰ 2025 ਤੋਂ 1 ਅਕਤੂਬਰ 2026 ਦੇ ਵਿਚਕਾਰ ਗੇਮਿੰਗ ਐਪ ਵਿੱਚ ਪੈਸੇ ਲਗਾਉਣ ਲਈ ਕੰਪਨੀ ਦੇ ਦੋਵੇਂ ਬੈਂਕ ਖਾਤਿਆਂ ਵਿੱਚੋਂ ਕੁੱਲ 50 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਕੰਪਨੀ ਦੇ ਮਾਲਕ ਨੇ ਇਸ ਨੂੰ ਧੋਖਾਧੜੀ ਦੱਸਦਿਆਂ ਅਕਾਊਂਟੈਂਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਇਸੇ ਦੌਰਾਨ ਸਾਈਬਰ ਧੋਖਾਧੜੀ ਦੇ ਇੱਕ ਹੋਰ ਮਾਮਲੇ ਵਿੱਚ ਸੈਕਟਰ 78 ਦੀ ਵਸਨੀਕ ਮਨੀਸ਼ਾ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਣਪਛਾਤੇ ਸਾਈਬਰ ਅਪਰਾਧੀਆਂ ਨੇ ਉਨ੍ਹਾਂ ਨਾਲ ਆਨਲਾਈਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੇ ਨਾਂ ’ਤੇ ਸੰਪਰਕ ਕੀਤਾ। ਇਸ ਤੋਂ ਬਾਅਦ ਵੱਖ-ਵੱਖ ਮੌਕਿਆਂ ’ਤੇ ਉਨ੍ਹਾਂ ਤੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 6 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ। ਪੁਲੀਸ ਨੇ ਇਸ ਮਾਮਲੇ ਵਿੱਚ ਵੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਕਾਰਵਾਈ ਦੌਰਾਨ ਵਧੀਕ ਪੁਲੀਸ ਡਿਪਟੀ ਕਮਿਸ਼ਨਰ (ਮਹਿਲਾ ਸੁਰੱਖਿਆ ਅਤੇ ਸਾਈਬਰ ਸੁਰੱਖਿਆ) ਮਨੀਸ਼ਾ ਸਿੰਘ ਨੇ ਦੱਸਿਆ ਕਿ ਸਾਈਬਰ ਅਪਰਾਧੀਆਂ ਨੂੰ ਮਿਊਲ ਬੈਂਕ ਖਾਤੇ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਸਾਈਬਰ ਕ੍ਰਾਈਮ ਥਾਣਾ ਪੁਲੀਸ ਨੇ 21 ਸਾਲਾ ਮੋਹੰਮਦ ਸਮੀਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਊਲ ਖਾਤੇ ਉਹ ਬੈਂਕ ਖਾਤੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਠੱਗੀ ਰਾਹੀਂ ਹਾਸਲ ਕੀਤੀ ਰਕਮ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣ ਲਈ ਕੀਤੀ ਜਾਂਦੀ ਹੈ। ਪੁਲੀਸ ਅਨੁਸਾਰ, ਇਸ ਮਾਮਲੇ ਵਿੱਚ ਮੁਲਜ਼ਮ ਦੇ ਤਿੰਨ ਹੋਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅਧਿਕਾਰੀ ਨੇ ਦੱਸਿਆ ਕਿ ਮੋਹੰਮਦ ਸਮੀਰ ਖ਼ਿਲਾਫ਼ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਹਰਿਆਣਾ, ਕੇਰਲ, ਦਿੱਲੀ, ਗੁਜਰਾਤ, ਤੇਲੰਗਾਨਾ, ਉੱਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਝਾਰਖੰਡ ਅਤੇ ਕਰਨਾਟਕ ਸਮੇਤ ਵੱਖ-ਵੱਖ ਰਾਜਾਂ ਵਿੱਚ 33 ਤੋਂ ਵੱਧ ਮਾਮਲੇ ਦਰਜ ਹਨ। ਪੁਲੀਸ ਵੱਲੋਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Noida Cyber Crime Online Gaming Fraud 50 Lakh Fraud Accountant Fraud Piyush Mishra Cyber Crime News Share Market Investment Scam 6 5 Lakh Fraud Mule Bank Accounts Mohammad Sameer Cyber Crime Arrest Online Investment Fraud Noida News Cyber Fraud Investigat