August 6, 2026
Dharaledar Bureau / Punjab
ਸੰਗਰੂਰ, 06 ਅਗਸਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਗਰੂਰ ਸ਼੍ਰੀ ਪਰਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਦਿੜ੍ਹਬਾ ਅਤੇ ਸੁਨਾਮ-1 ਬਲਾਕਾਂ ਦੇ ਆਂਗਣਵਾੜੀ ਸਟਾਫ਼ ਲਈ ਵਿੱਤੀ ਸਾਖਰਤਾ, ਬੱਚਤ, ਸੁਰੱਖਿਅਤ ਨਿਵੇਸ਼, ਸਾਈਬਰ ਸੁਰੱਖਿਆ ਅਤੇ ਵਿਸ਼ਵ ਸਤਨਪਾਨ ਹਫ਼ਤੇ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ। ਦਿੜ੍ਹਬਾ ਬਲਾਕ ਵਿੱਚ ਇਹ ਸਿਖਲਾਈ ਸੀਡੀਪੀਓ ਸ਼੍ਰੀ ਗੁਰਵਿੰਦਰ ਸਿੰਘ ਔਜਲਾ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਦਕਿ ਸੁਨਾਮ-1 ਬਲਾਕ ਵਿੱਚ ਇਹ ਪ੍ਰੋਗਰਾਮ ਸੀਡੀਪੀਓ ਸ੍ਰੀਮਤੀ ਰੇਖਾ ਰਾਣੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਦੋਵੇਂ ਬਲਾਕਾਂ ਦੇ ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿੱਚ ਸੇਬੀ (SEBI) ਦੇ ਨਿਵੇਸ਼ਕ ਜਾਗਰੂਕਤਾ ਉਪਰਾਲੇ (Investor Awareness Initiative) ਤਹਿਤ ਵਿੱਤੀ ਸਾਖਰਤਾ, ਬੱਚਤ, ਨਿਵੇਸ਼, ਰਿਟਾਇਰਮੈਂਟ ਯੋਜਨਾਬੰਦੀ ਅਤੇ ਸਾਈਬਰ ਸੁਰੱਖਿਆ ਸਬੰਧੀ ਸਿਖਲਾਈ ਦਿੱਤੀ ਗਈ। ਸੇਬੀ ਰਜਿਸਟਰਡ ਟ੍ਰੇਨਰ ਸ਼੍ਰੀ ਵਿਨੈ ਕੁਮਾਰ (ਆਗਰਾ) ਨੇ ਭਾਗੀਦਾਰਾਂ ਨੂੰ ਵਿੱਤੀ ਯੋਜਨਾਬੰਦੀ, ਨਿਯਮਤ ਬੱਚਤ, ਸੁਰੱਖਿਅਤ ਨਿਵੇਸ਼ ਅਤੇ ਆਰਥਿਕ ਸਸ਼ਕਤੀਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿੱਤੀ ਤੌਰ 'ਤੇ ਸਸ਼ਕਤ ਬਣਨ ਲਈ ਸਹੀ ਯੋਜਨਾਬੰਦੀ ਅਤੇ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਮੌਕੇ ਸ਼੍ਰੀ ਗੌਰਵ, ਬ੍ਰਾਂਚ ਮੈਨੇਜਰ, ਪਟਿਆਲਾ ਅਤੇ ਸ਼੍ਰੀ ਸਾਹਿਬ, ਸੇਲਜ਼ ਅਫ਼ਸਰ, ਪਟਿਆਲਾ ਨੇ ਬੈਂਕਿੰਗ ਸੇਵਾਵਾਂ, ਡਿਜ਼ੀਟਲ ਲੈਣ-ਦੇਣ, ਬੱਚਤ ਯੋਜਨਾਵਾਂ ਅਤੇ ਵਿੱਤੀ ਅਨੁਸ਼ਾਸਨ ਬਾਰੇ ਜਾਣਕਾਰੀ ਸਾਂਝੀ ਕੀਤੀ। ਟ੍ਰੇਨਿੰਗ ਦੌਰਾਨ ਵੱਧ ਰਹੀਆਂ ਸਾਈਬਰ ਠੱਗੀਆਂ, ਫ਼ਰਜ਼ੀ ਫ਼ੋਨ ਕਾਲਾਂ, ਸ਼ੱਕੀ ਲਿੰਕਾਂ, ਓਟੀਪੀ ਅਤੇ ਬੈਂਕ ਖਾਤਿਆਂ ਨਾਲ ਸਬੰਧਤ ਧੋਖਾਧੜੀ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸੁਨਾਮ-1 ਬਲਾਕ ਵਿਖੇ ਵਿਸ਼ਵ ਸਤਨਪਾਨ ਹਫ਼ਤਾ (1 ਤੋਂ 7 ਅਗਸਤ) ਦੇ ਸਬੰਧ ਵਿੱਚ ਵਿਸ਼ੇਸ਼ ਜਾਗਰੂਕਤਾ ਸੈਸ਼ਨ ਵੀ ਲਾਇਆ ਗਿਆ। ਇਸ ਮੌਕੇ ਸੀਡੀਪੀਓ ਸ੍ਰੀਮਤੀ ਰੇਖਾ ਰਾਣੀ ਨੇ ਨਵਜਾਤ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਨਮ ਤੋਂ ਤੁਰੰਤ ਬਾਅਦ ਅਤੇ ਪਹਿਲੇ ਛੇ ਮਹੀਨਿਆਂ ਤੱਕ ਕੇਵਲ ਮਾਂ ਦਾ ਦੁੱਧ ਹੀ ਬੱਚੇ ਦੇ ਸਰਵਪੱਖੀ ਵਿਕਾਸ, ਪੋਸ਼ਣ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਲਈ ਸਭ ਤੋਂ ਉੱਤਮ ਆਹਾਰ ਹੈ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਨੂੰ ਮਾਂ ਦੇ ਦੁੱਧ ਦੇ ਲਾਭਾਂ ਬਾਰੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਆਂਗਣਵਾੜੀ ਵਰਕਰਾਂ ਵੱਲੋਂ ਪੌਸ਼ਟਿਕ ਰੈਸਪੀਆਂ ਤਿਆਰ ਕਰਕੇ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਸੀਡੀਪੀਓ ਸ਼੍ਰੀ ਗੁਰਵਿੰਦਰ ਸਿੰਘ ਔਜਲਾ ਅਤੇ ਸ੍ਰੀਮਤੀ ਰੇਖਾ ਰਾਣੀ ਨੇ ਰਿਸੋਰਸ ਪਰਸਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵਿੱਤੀ ਸਾਖਰਤਾ, ਸੁਰੱਖਿਅਤ ਨਿਵੇਸ਼, ਸਾਈਬਰ ਠੱਗੀਆਂ ਤੋਂ ਬਚਾਅ ਅਤੇ ਵਿਸ਼ਵ ਸਤਨਪਾਨ ਹਫ਼ਤੇ ਸਬੰਧੀ ਪ੍ਰਾਪਤ ਜਾਣਕਾਰੀ ਨੂੰ ਆਪਣੇ-ਆਪਣੇ ਆਂਗਣਵਾੜੀ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ। ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਸਮਾਜ ਵਿੱਚ ਵਿੱਤੀ ਸਸ਼ਕਤੀਕਰਨ, ਸਾਈਬਰ ਸੁਰੱਖਿਆ ਅਤੇ ਮਾਂ ਤੇ ਬੱਚੇ ਦੀ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਦੋਵੇਂ ਬਲਾਕਾਂ ਦੇ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ।
Punjabi Khabran Punjab News Breaking News Latest News Today News Punjabi News Today Punjab Breaking Live Updates Top Headlines Viral News Exclusive News Big News News Update Daily News Trending News