November 25, 2026
ਅਮਰੀਕਾ ਦਾ ਭਾਰਤ ਅਤੇ ਚੀਨ ਸਮੇਤ 16 ਦੇਸ਼ਾਂ ’ਤੇ ਟੈਰਿਫ ਵਧਾਉਣ ਦਾ ਪਲਾਨ, ਇਸ ਹਫ਼ਤੇ ਹੋ ਸਕਦਾ ਹੈ ਵੱਡਾ ਐਲਾਨ
Prabhsimran Singh / United State
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਭਾਰਤ, ਚੀਨ ਸਮੇਤ ਦੁਨੀਆ ਦੀਆਂ 16 ਅਰਥਵਿਵਸਥਾਵਾਂ ਤੋਂ ਹੋਣ ਵਾਲੀ ਦਰਾਮਦ ’ਤੇ ਟੈਰਿਫ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਅਖ਼ਬਾਰ ‘ਦਿ ਵਾਲ ਸਟਰੀਟ ਜਰਨਲ’ ਦੀ ਰਿਪੋਰਟ ਮੁਤਾਬਕ, ਵਿਦੇਸ਼ੀ ਉਦਯੋਗਿਕ ਸਬਸਿਡੀਆਂ ਅਤੇ ਵਾਧੂ ਉਤਪਾਦਨ ਸਮਰੱਥਾ ਸਬੰਧੀ ਚੱਲ ਰਹੀ ਜਾਂਚ ਦੇ ਨਤੀਜਿਆਂ ਦਾ ਐਲਾਨ ਅਮਰੀਕੀ ਵਪਾਰ ਪ੍ਰਤੀਨਿਧੀ (USTR) ਜੇਮੀਸਨ ਗ੍ਰੀਰ ਵੱਲੋਂ ਇਸੇ ਹਫ਼ਤੇ ਕੀਤਾ ਜਾ ਸਕਦਾ ਹੈ। ਰਿਪੋਰਟ ਅਨੁਸਾਰ, ਇਸ ਕਾਰਵਾਈ ਤਹਿਤ ਚੀਨ ’ਤੇ ਸਭ ਤੋਂ ਵੱਧ ਟੈਰਿਫ ਲਗਾਏ ਜਾਣ ਦੀ ਸੰਭਾਵਨਾ ਹੈ।ਦਰਅਸਲ, ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਨੇ ਬੀਤੇ ਮਾਰਚ ਮਹੀਨੇ ਵਿੱਚ 16 ਅਰਥਵਿਵਸਥਾਵਾਂ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ। ਇਹ ਜਾਂਚ ਇਸ ਖਦਸ਼ੇ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰੀ ਸਬਸਿਡੀਆਂ ਉੱਥੋਂ ਦੇ ਨਿਰਮਾਤਾਵਾਂ ਨੂੰ ਅਮਰੀਕੀ ਕੰਪਨੀਆਂ ਦੇ ਮੁਕਾਬਲੇ ਅਣਉਚਿਤ ਲਾਭ ਪਹੁੰਚਾਉਂਦੀਆਂ ਹਨ। ਇਹ ਜਾਂਚ 1974 ਦੇ ਵਪਾਰ ਐਕਟ ਦੀ ‘ਸੈਕਸ਼ਨ 301’ ਤਹਿਤ ਚੱਲ ਰਹੀ ਹੈ। ਇਸ ਵਿਵਸਥਾ ਤਹਿਤ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਅਣਉਚਿਤ ਵਪਾਰਕ ਨੀਤੀਆਂ ਅਪਣਾਉਣ ਵਾਲੇ ਦੇਸ਼ਾਂ ਵਿਰੁੱਧ ਟੈਰਿਫ ਜਾਂ ਹੋਰ ਸਜ਼ਾਯੋਗ ਕਾਰਵਾਈ ਕਰਨ ਦਾ ਅਧਿਕਾਰ ਪ੍ਰਾਪਤ ਹੈ। ਜਾਂਚ ਦੇ ਘੇਰੇ ਵਿੱਚ ਭਾਰਤ, ਚੀਨ, ਯੂਰਪੀ ਸੰਘ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਤਾਈਵਾਨ, ਵੀਅਤਨਾਮ, ਥਾਈਲੈਂਡ, ਮਲੇਸ਼ੀਆ, ਕੰਬੋਡੀਆ, ਸਿੰਗਾਪੁਰ, ਇੰਡੋਨੇਸ਼ੀਆ, ਬੰਗਲਾਦੇਸ਼, ਸਵਿਟਜ਼ਰਲੈਂਡ ਅਤੇ ਨਾਰਵੇ ਸ਼ਾਮਲ ਹਨ। ਜੇਮੀਸਨ ਗ੍ਰੀਰ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਜਾਂਚ ਦਾ ਮੁੱਖ ਕੇਂਦਰ ਉਹ ਅਰਥਵਿਵਸਥਾਵਾਂ ਹਨ, ਜਿੱਥੇ ਵੱਖ-ਵੱਖ ਨਿਰਮਾਣ ਖੇਤਰਾਂ ਵਿੱਚ ਲੋੜ ਤੋਂ ਵੱਧ ਉਤਪਾਦਨ ਸਮਰੱਥਾ ਦੇ ਸਬੂਤ ਮਿਲੇ ਹਨ।ਇਸ ਤੋਂ ਪਹਿਲਾਂ ਵੀ ਇਸੇ ਸਾਲ ਜੁਲਾਈ ਵਿੱਚ ਯੂ.ਐੱਸ.ਟੀ.ਆਰ. ਨੇ ਇਸ ਵਿਵਸਥਾ ਤਹਿਤ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਦਰਾਮਦੀ ਵਸਤਾਂ ’ਤੇ 10 ਫ਼ੀਸਦੀ ਵਾਧੂ ਡਿਊਟੀ ਲਗਾਈ ਸੀ। ਰਿਪੋਰਟਾਂ ਮੁਤਾਬਕ, ਜਾਪਾਨ, ਯੂਰਪੀ ਸੰਘ ਅਤੇ ਦੱਖਣੀ ਕੋਰੀਆ ’ਤੇ 15 ਫ਼ੀਸਦੀ ਜਾਂ ਇਸ ਤੋਂ ਘੱਟ ਟੈਰਿਫ ਲੱਗਣ ਦੀ ਉਮੀਦ ਹੈ। ਇਸ ਦੇ ਉਲਟ ਭਾਰਤ ਅਤੇ ਵੀਅਤਨਾਮ ਵਰਗੇ ਦੇਸ਼ਾਂ ’ਤੇ ਅਮਰੀਕਾ ਨਾਲ ਹੋਏ ਵੱਖਰੇ ਸਮਝੌਤਿਆਂ ਦੀਆਂ ਸ਼ਰਤਾਂ ਦੇ ਆਧਾਰ ’ਤੇ ਮੁਕਾਬਲਤਨ ਵੱਧ ਡਿਊਟੀ ਲਗਾਈ ਜਾ ਸਕਦੀ ਹੈ। ਹਾਲਾਂਕਿ, ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲ ਵਰਗੇ ਉਤਪਾਦਾਂ ਨੂੰ ਨਵੇਂ ਟੈਰਿਫਾਂ ਤੋਂ ਬਾਹਰ ਰੱਖੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਇਨ੍ਹਾਂ ਵਸਤਾਂ ’ਤੇ ਕੌਮੀ ਸੁਰੱਖਿਆ ਦੇ ਆਧਾਰ ’ਤੇ ਪਹਿਲਾਂ ਹੀ ਵੱਖਰੇ ਟੈਰਿਫ ਲਾਗੂ ਹਨ।ਦੂਜੇ ਪਾਸੇ, ਭਾਰਤ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਸੀ ਕਿ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (BTA) ਤਹਿਤ ਭਾਰਤ ਨੂੰ ਆਪਣੇ ਮੁਕਾਬਲੇਬਾਜ਼ ਦੇਸ਼ਾਂ ਦੇ ਮੁਕਾਬਲੇ ਤੁਲਨਾਤਮਕ ਟੈਰਿਫ ਲਾਭ ਦਿੱਤਾ ਜਾਵੇਗਾ। ਹਾਲਾਂਕਿ, ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਇਹ ਲਾਭ ਅੰਤਿਮ ਟੈਰਿਫ ਢਾਂਚੇ ’ਤੇ ਨਿਰਭਰ ਕਰੇਗਾ, ਕਿਉਂਕਿ ਭਾਰਤ ਵਿਰੁੱਧ ਯੂ.ਐੱਸ.ਟੀ.ਆਰ. ਦੀ ਦੂਜੀ ਜਾਂਚ ਦਾ ਨਤੀਜਾ ਅਜੇ ਆਉਣਾ ਬਾਕੀ ਹੈ। ਭਾਰਤ ਸਰਕਾਰ ਇਸ ਵਿੱਤੀ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਲਈ ਅਮਰੀਕਾ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ।
Donald Trump Us Tariffs India Us Trade Relations China Tariffs Section 301 Investigation Us Trade Representative Jamieson Greer India Us Trade Deal Bilateral Trade Agreement Bta Wall Street Journal Global Trade Import Duties International Trade News