November 27, 2026
ਕੈਨੇਡਾ ’ਚ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਪਿਤਾ ਦਾ ਸਾਇਆ
Prabhsimran Singh / Canada
ਕੈਨੇਡਾ ਦੇ ਕਿਊਬੈਕ ਸੂਬੇ ਵਿੱਚੋਂ ਲੰਘਦੇ ਹਾਈਵੇਅ-20 ’ਤੇ ਚਾਰ ਦਿਨ ਪਹਿਲਾਂ ਦੋ ਟਰਾਲਿਆਂ ਵਿਚਾਲੇ ਹੋਈ ਭਿਆਨਕ ਸਿੱਧੀ ਟੱਕਰ ਵਿੱਚ ਮਾਰੇ ਗਏ ਪੰਜਾਬੀ ਟਰੱਕ ਡਰਾਈਵਰ ਦੀ ਪਛਾਣ ਯਾਦਵਿੰਦਰ ਸਿੰਘ (45) ਵਜੋਂ ਹੋਈ ਹੈ। ਯਾਦਵਿੰਦਰ ਸਿੰਘ ਮੌਂਟਰੀਅਲ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ। ਪੁਲੀਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੂਜੇ ਪਾਸਿਓਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ। 60 ਤੋਂ 62 ਸਾਲ ਦੇ ਕਰੀਬ ਉਮਰ ਦਾ ਡਰਾਈਵਰ ਇਸ ਟਰੱਕ ਨੂੰ ਚਲਾ ਰਿਹਾ ਸੀ। ਬੇਕਾਬੂ ਹੋਇਆ ਟਰੱਕ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਆ ਗਿਆ ਅਤੇ ਆਪਣੀ ਸਾਈਡ ’ਤੇ ਜਾ ਰਹੇ ਯਾਦਵਿੰਦਰ ਸਿੰਘ ਦੇ ਟਰੱਕ ਨਾਲ ਸਿੱਧਾ ਜਾ ਟਕਰਾਇਆ।ਦੋਵੇਂ ਟਰਾਲੇ ਭਾਰੀ ਸਾਮਾਨ ਨਾਲ ਲੱਦੇ ਹੋਏ ਸਨ, ਜਿਸ ਕਾਰਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਟਰੱਕ ਬੁਰੀ ਤਰ੍ਹਾਂ ਇੱਕ-ਦੂਜੇ ਵਿੱਚ ਧਸ ਗਏ। ਹਾਦਸੇ ਵਿੱਚ ਯਾਦਵਿੰਦਰ ਸਿੰਘ ਦਾ ਟਰੱਕ ਅਗਲੇ ਪਾਸਿਓਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਹ ਕੈਬਿਨ ਦੇ ਅੰਦਰ ਹੀ ਫਸ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਬਚਾਅ ਦਲ ਨੂੰ ਯਾਦਵਿੰਦਰ ਸਿੰਘ ਨੂੰ ਬਾਹਰ ਕੱਢਣ ਲਈ ਟਰੱਕ ਦਾ ਕੈਬਿਨ ਕੱਟਣਾ ਪਿਆ। ਉਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢ ਕੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।ਪੁਲੀਸ ਨੇ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਯਾਦਵਿੰਦਰ ਸਿੰਘ ਦੀ ਪਛਾਣ ਜਨਤਕ ਕਰ ਦਿੱਤੀ ਹੈ। ਹਾਲਾਂਕਿ, ਦੂਜੇ ਟਰੱਕ ਦੇ ਡਰਾਈਵਰ ਸਬੰਧੀ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਇਸ ਹਾਦਸੇ ਕਾਰਨ ਤਿੰਨ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ।
Canada Quebec Highway 20 Yadvinder Singh Punjabi Truck Driver Truck Accident Montreal Road Accident Canada News Punjabi News Fatal Accident Truck Collision