October 12, 2026
ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸਰਦਾਰ ਹਰਬੰਸ ਸਿੰਘ ਦਾ ਦੇਹਾਂਤ, 84 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
Prabhsimran Singh / Jammu Kashmir
ਨੈਸ਼ਨਲ ਕਾਨਫ਼ਰੰਸ (NC) ਦੇ ਸੀਨੀਅਰ ਆਗੂ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸਰਦਾਰ ਹਰਬੰਸ ਸਿੰਘ ਦਾ ਸੋਮਵਾਰ ਤੜਕੇ ਦੇਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ ਜੰਮੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਤੜਕੇ ਕਰੀਬ 2 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਪਰਿਵਾਰ ਅਨੁਸਾਰ, ਬਿਮਾਰੀ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਿੱਛੇ ਪਤਨੀ, ਦੋ ਪੁੱਤਰ ਅਤੇ ਤਿੰਨ ਧੀਆਂ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 5 ਵਜੇ ਸ਼ਾਸਤਰੀ ਨਗਰ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸਰਦਾਰ ਹਰਬੰਸ ਸਿੰਘ ਨੂੰ ਪਿਛਲੇ ਸਾਲ ਦਸੰਬਰ ਵਿੱਚ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਡਾ. ਫ਼ਾਰੂਕ ਅਬਦੁੱਲਾ ਦਾ ਰਾਜਨੀਤਕ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 1996 ਤੋਂ 2002 ਤੱਕ ਫ਼ਾਰੂਕ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਸਨ। ਉਨ੍ਹਾਂ ਦੇ ਦੇਹਾਂਤ ’ਤੇ ਨੈਸ਼ਨਲ ਕਾਨਫ਼ਰੰਸ ਦੇ ਸੂਬਾ ਪ੍ਰਧਾਨ ਰਤਨ ਲਾਲ ਗੁਪਤਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਅਤੇ ਪਾਰਟੀ ਲਈ ਸਰਦਾਰ ਹਰਬੰਸ ਸਿੰਘ ਦਾ ਅਨਮੋਲ ਯੋਗਦਾਨ ਅਤੇ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਾਰਟੀ ਆਗੂਆਂ ਅਤੇ ਸਮਰਥਕਾਂ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
Sardar Harbans Singh National Conference Nc Leader Jammu Kashmir News Farooq Abdullah Ratan Lal Gupta Former Minister Jammu News Political News Death News