November 26, 2026
ਦਿਲਜੀਤ ਦੋਸਾਂਝ ਦੀ ਸਤਨਾਮ ਸਿੰਘ ਸੰਧੂ ਨੇ ਕੀਤੀ ਸ਼ਲਾਘਾ, ਕਿਹਾ- ਪੰਜਾਬੀਅਤ ਤੇ ਸਿੱਖ ਪਛਾਣ ਦੇ ਮਾਣਮੱਤੇ ਆਲਮੀ ਬ੍ਰਾਂਡ ਅੰਬੈਸਡਰ ਹਨ ਦਿਲਜੀਤ
Prabhsimran Singh / Gujarat
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਗੁਜਰਾਤ ਦੇ ਕੱਛ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਵਿਖੇ ਨਤਮਸਤਕ ਹੋਣ ’ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਦਿਲਜੀਤ ਵੱਲੋਂ ਗੁਰਦੁਆਰਾ ਸਾਹਿਬ ਦੀ ਫੇਰੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਨ ਤੋਂ ਬਾਅਦ ਸੰਧੂ ਨੇ ਐਕਸ (X) ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਦਿਲਜੀਤ ਦੋਸਾਂਝ ਅੱਜ ਮਹਿਜ਼ ਇੱਕ ਵਿਸ਼ਵ ਪ੍ਰਸਿੱਧ ਕਲਾਕਾਰ ਹੀ ਨਹੀਂ, ਸਗੋਂ ਪੰਜਾਬੀਅਤ ਅਤੇ ਖ਼ਾਸ ਕਰਕੇ ਸਿੱਖ ਪਛਾਣ ਦੇ ਮਾਣਮੱਤੇ ਆਲਮੀ ਬ੍ਰਾਂਡ ਅੰਬੈਸਡਰ ਹਨ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਦਿਲਜੀਤ ਆਪਣੀ ਪਛਾਣ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਅ ਰਹੇ ਹਨ। ਗੁਜਰਾਤ ਦੇ ਕੱਛ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਵਿਖੇ ਉਨ੍ਹਾਂ ਦਾ ਨਤਮਸਤਕ ਹੋਣਾ ਇਸ ਦੀ ਖ਼ੂਬਸੂਰਤ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜਿਆ ਇਹ ਪਾਵਨ ਅਸਥਾਨ ਸਿੱਖ ਇਤਿਹਾਸ ਦਾ ਅਨਮੋਲ ਸਰਮਾਇਆ ਹੈ।ਗੁਰਦੁਆਰਾ ਸ੍ਰੀ ਲਖਪਤ ਸਾਹਿਬ ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਅਧਿਆਤਮਕ ਯਾਤਰਾਵਾਂ ਦੌਰਾਨ ਇਸ ਅਸਥਾਨ ’ਤੇ ਠਹਿਰੇ ਸਨ। ਉਨ੍ਹਾਂ ਅਨੁਸਾਰ 2001 ਵਿੱਚ ਆਏ ਭੂਚਾਲ ਤੋਂ ਬਾਅਦ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਮੂਲ ਭਵਨ-ਨਿਰਮਾਣ ਕਲਾ ਅਤੇ ਸ਼ਿਲਪਕਾਰੀ ਨੂੰ ਮੁੜ ਬਹਾਲ ਕਰਨ ਦਾ ਕਾਰਜ ਕੀਤਾ ਗਿਆ ਸੀ। ਉਸ ਸਮੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਵਿਰਾਸਤ ਦੀ ਸੰਭਾਲ ਲਈ ਕੀਤੇ ਗਏ ਇਸ ਕਾਰਜ ਨੂੰ 2004 ਵਿੱਚ ਯੂਨੈਸਕੋ ਦੇ ਵੱਕਾਰੀ ‘ਐਵਾਰਡ ਆਫ਼ ਡਿਸਟਿੰਕਸ਼ਨ’ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਧੂ ਨੇ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਅਤੇ ਕੌਮਾਂਤਰੀ ਪੱਧਰ ’ਤੇ ਮਿਲੀ ਮਾਨਤਾ ਦੇ ਬਾਵਜੂਦ ਸੰਗਤਾਂ ਵਿੱਚ ਇਸ ਅਸਥਾਨ ਬਾਰੇ ਜਾਣਕਾਰੀ ਸੀਮਤ ਹੈ। ਇਸੇ ਮਕਸਦ ਨਾਲ ਉਨ੍ਹਾਂ ਵੱਲੋਂ ਲਿਖੀ ਗਈ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ ਸੰਭਾਲ’ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਲੋਕ ਅਰਪਣ ਕੀਤੀ ਗਈ ਹੈ, ਤਾਂ ਜੋ ਸੰਗਤਾਂ ਨੂੰ ਇਸ ਪਵਿੱਤਰ ਅਸਥਾਨ ਦੇ ਇਤਿਹਾਸ ਅਤੇ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਦੀ ਵਿਸ਼ਵਵਿਆਪੀ ਹਰਮਨਪਿਆਰਤਾ ਸਦਕਾ ਲੱਖਾਂ ਲੋਕ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਬਾਰੇ ਜਾਣ ਸਕਣਗੇ ਅਤੇ ਉਨ੍ਹਾਂ ਦੇ ਮਨਾਂ ਵਿੱਚ ਇੱਥੇ ਦਰਸ਼ਨ ਕਰਨ ਦੀ ਤਾਂਘ ਵੀ ਪੈਦਾ ਹੋਵੇਗੀ। ਸੰਧੂ ਨੇ ਆਪਣੀ ਪ੍ਰਸਿੱਧੀ ਨੂੰ ਪੰਜਾਬੀ ਅਤੇ ਸਿੱਖ ਵਿਰਾਸਤ ਦੀ ਪਛਾਣ ਦਾ ਜ਼ਰੀਆ ਬਣਾਉਣ ਲਈ ਦਿਲਜੀਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਅੱਗੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਛ ਦੇ ਰਣ ਦੇ ਚਿੱਟੇ ਮਾਰੂਥਲ ਵਿੱਚ ਮਨਾਇਆ ਸੀ। ਇਸ ਮੌਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਕੱਛ ਦੀ ਇਸ ਖ਼ੂਬਸੂਰਤ ਧਰਤੀ ’ਤੇ ਘੁੰਮਣ ਆਉਣ ਦਾ ਸੱਦਾ ਵੀ ਦਿੱਤਾ ਸੀ।
Diljit Dosanjh Satnam Singh Sandhu Gurdwara Sri Lakhpat Sahib Gujarat Kutch Sikh Heritage Punjabi Culture Guru Nanak Dev Ji Guru Nanak Prakash Purab Rajya Sabha Mp