November 26, 2026
ਪੰਜਾਬ ਦੇ 26 ਸਰਕਾਰੀ ਪੌਲੀਟੈਕਨਿਕ ਕਾਲਜਾਂ ਦੇ 36 ਕਰੋੜ ਰੁਪਏ ਦੇ ਫੰਡ ਖ਼ਜ਼ਾਨੇ ’ਚ ਜਮ੍ਹਾਂ ਕਰਾਉਣ ਦੇ ਹੁਕਮ, ਅਧਿਆਪਕ ਜਥੇਬੰਦੀ ਨੇ ਜਤਾਇਆ ਵਿਰੋਧ
Prabhsimran Singh / Punjab
ਪੰਜਾਬ ਸਰਕਾਰ ਨੇ ਸੂਬੇ ਦੇ 26 ਸਰਕਾਰੀ ਬਹੁ-ਤਕਨੀਕੀ (ਪੌਲੀਟੈਕਨਿਕ) ਕਾਲਜਾਂ ਕੋਲ ਪਏ ਕਰੀਬ 36 ਕਰੋੜ ਰੁਪਏ ਦੇ ਵਿਕਾਸ ਅਤੇ ਵਿਦਿਆਰਥੀ ਫੰਡ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਕਾਲਜਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਨੇ ਸਰਕਾਰ ਤੋਂ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਪੰਜਾਬ ਦੇ 26 ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਕੁੱਲ 8,812 ਵਿਦਿਆਰਥੀ ਪੜ੍ਹ ਰਹੇ ਹਨ। ਇਨ੍ਹਾਂ ਕਾਲਜਾਂ ਵਿੱਚ ਦਾਖ਼ਲੇ ਸਮੇਂ ਹਰੇਕ ਵਿਦਿਆਰਥੀ ਤੋਂ ਸਾਲਾਨਾ 3,650 ਰੁਪਏ ਵਿਕਾਸ ਫੰਡ ਅਤੇ 2,500 ਰੁਪਏ ਸਟੂਡੈਂਟ ਫੰਡ ਵਜੋਂ ਵਸੂਲੇ ਜਾਂਦੇ ਹਨ। ਇਨ੍ਹਾਂ ਕਾਲਜਾਂ ਕੋਲ ਇਸ ਸਮੇਂ ਵਿਕਾਸ ਫੰਡ ਦੇ 25.95 ਕਰੋੜ ਰੁਪਏ ਅਤੇ ਸਟੂਡੈਂਟ ਫੰਡ ਦੇ ਕਰੀਬ 10 ਕਰੋੜ ਰੁਪਏ ਜਮ੍ਹਾਂ ਹਨ।ਤਕਨੀਕੀ ਸਿੱਖਿਆ ਵਿਭਾਗ ਨੇ 20 ਨਵੰਬਰ ਨੂੰ ਵਿੱਤ ਵਿਭਾਗ ਦੇ 28 ਸਤੰਬਰ 2026 ਦੇ ਪੱਤਰ ਦਾ ਹਵਾਲਾ ਦਿੰਦਿਆਂ ਕਾਲਜਾਂ ਨੂੰ ਇਹ ਸਾਰੀ ਰਾਸ਼ੀ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕਾਲਜਾਂ ਨੂੰ ਆਪਣੇ ਕੋਲ ਮੌਜੂਦ ਐੱਫ.ਡੀ. (ਫਿਕਸਡ ਡਿਪਾਜ਼ਿਟ) ਦੀ ਰਕਮ ਵੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਫੰਡਾਂ ਦੀ ਵਰਤੋਂ ਹੁਣ ਤੱਕ ਵਿਦਿਆਰਥੀਆਂ ਦੀ ਭਲਾਈ ਅਤੇ ਕਾਲਜਾਂ ਦੇ ਵਿਕਾਸ ਕਾਰਜਾਂ ਲਈ ਕੀਤੀ ਜਾਂਦੀ ਰਹੀ ਹੈ। ਵਿਕਾਸ ਫੰਡ ਦੀ ਰਾਸ਼ੀ ਵਿੱਚੋਂ 45 ਫ਼ੀਸਦੀ ਲੈਬਾਂ ਅਤੇ ਵਰਕਸ਼ਾਪਾਂ ਨੂੰ ਅਪਗ੍ਰੇਡ ਕਰਨ ਲਈ ਖ਼ਰਚ ਕੀਤੇ ਜਾਂਦੇ ਹਨ, ਜਦਕਿ 15 ਫ਼ੀਸਦੀ ਰਕਮ ਫੈਕਲਟੀ ਇੰਪਰੂਵਮੈਂਟ ਅਤੇ ਵਿਦਿਅਕ ਟੂਰਾਂ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਸਟੂਡੈਂਟ ਫੰਡ ਦੀ ਵਰਤੋਂ ਖੇਡਾਂ, ਸਭਿਆਚਾਰਕ ਸਰਗਰਮੀਆਂ, ਮੈਡੀਕਲ ਸਹੂਲਤਾਂ, ਸਪੋਰਟਸ ਮੀਟ, ਸੈਮੀਨਾਰਾਂ, ਪ੍ਰੀਖਿਆਵਾਂ ਅਤੇ ਕਾਲਜਾਂ ਦੇ ਅੰਦਰੂਨੀ ਵਿਕਾਸ ਕਾਰਜਾਂ ਲਈ ਕੀਤੀ ਜਾਂਦੀ ਹੈ।ਪੌਲੀਟੈਕਨਿਕ ਕਾਲਜ ਗਜ਼ਟਿਡ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਸੌਂਪ ਕੇ ਇਨ੍ਹਾਂ ਫੰਡਾਂ ਨੂੰ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਰਾਸ਼ੀ ਵਿਭਾਗ ਦੀ ਆਮਦਨ ਨਹੀਂ, ਸਗੋਂ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਭਲਾਈ ਅਤੇ ਸੰਸਥਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਇਕੱਠੀ ਕੀਤੀ ਜਾਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਵਿਦਿਆਰਥੀਆਂ ਅਤੇ ਵਿਦਿਅਕ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਐਸੋਸੀਏਸ਼ਨ ਨੇ ਇਹ ਵੀ ਕਿਹਾ ਕਿ ਕਾਲਜਾਂ ਦੀਆਂ ਐੱਫ.ਡੀਜ਼ ਸਮੇਂ ਤੋਂ ਪਹਿਲਾਂ ਤੁੜਵਾਉਣ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ।ਦੂਜੇ ਪਾਸੇ, ਪੰਜਾਬ ਸਰਕਾਰ ਵੱਲੋਂ ਇਹ ਕਦਮ ਸੂਬੇ ਦੀਆਂ ਵਿੱਤੀ ਮੁਸ਼ਕਲਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਸਰਕਾਰ ਵੱਖ-ਵੱਖ ਵਿਭਾਗਾਂ ਤੋਂ ਉਨ੍ਹਾਂ ਕੋਲ ਪਈ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਵਾਪਸ ਮੰਗਵਾ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਕਾਲਜਾਂ ਕੋਲ ਇਹ ਰਾਸ਼ੀ ਕਈ ਸਾਲਾਂ ਤੋਂ ਬਿਨਾਂ ਵਰਤੋਂ ਦੇ ਪਈ ਹੈ, ਜਿਸ ਕਾਰਨ ਇਸ ਨੂੰ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਕਾਰੀ ਨੇ ਭਰੋਸਾ ਦਿੱਤਾ ਹੈ ਕਿ ਵਿਦਿਆਰਥੀਆਂ ਅਤੇ ਕਾਲਜਾਂ ਦੀਆਂ ਲੋੜਾਂ ਲਈ ਬਜਟ ਵਿੱਚ ਲੋੜੀਂਦੇ ਫੰਡ ਰੱਖੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਕੰਮ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।
Punjab Government Government Polytechnic Colleges Punjab News Technical Education Department Student Fund Development Fund Jasvir Singh Gill Polytechnic Teachers Association Punjab Education News Government Funds