October 12, 2026
ਪੰਜਾਬ ਦੇ ਪਾਰਕ ਹਸਪਤਾਲਾਂ ’ਤੇ Ed ਦੀ ਛਾਪੇਮਾਰੀ, ਆਯੁਸ਼ਮਾਨ ਭਾਰਤ ਯੋਜਨਾ ’ਚ ਗੜਬੜੀਆਂ ਦੀ ਜਾਂਚ
Prabhsimran Singh / Patiala
ਪੰਜਾਬ ਦੇ ਪਟਿਆਲਾ ਅਤੇ ਬਠਿੰਡਾ ਸਥਿਤ ਪਾਰਕ ਹਸਪਤਾਲਾਂ ਵਿੱਚ ਐਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਅਹਿਮ ਸੂਤਰਾਂ ਅਨੁਸਾਰ, ਇਹ ਕਾਰਵਾਈ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਥਿਤ ਗੜਬੜੀਆਂ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਪਾਣੀਪਤ ਵਿੱਚ ਇੱਕ ਮਰੀਜ਼ ਨਾਲ ਕਥਿਤ ਠੱਗੀ ਦੇ ਮਾਮਲੇ ਵਿੱਚ ਪਾਰਕ ਹਸਪਤਾਲ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕੀਤਾ ਸੀ। ਪਰਿਵਾਰ ਅਨੁਸਾਰ, ਸੜਕ ਹਾਦਸੇ ਵਿੱਚ ਲੱਤ ਦੀ ਹੱਡੀ ਟੁੱਟਣ ਕਾਰਨ ਇੱਕ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰਿਵਾਰ ਕੋਲ ਆਯੁਸ਼ਮਾਨ ਕਾਰਡ ਸੀ। ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਲੱਤ ਦੇ ਇਲਾਜ ਦੀ ਬਜਾਏ ਮਰੀਜ਼ ਦੀ ਸਹਿਮਤੀ ਤੋਂ ਬਿਨਾਂ ਦਿਲ ਦਾ ਸਟੈਂਟ ਪਾਇਆ ਗਿਆ, ਤਾਂ ਜੋ ਆਯੁਸ਼ਮਾਨ ਯੋਜਨਾ ਤਹਿਤ ਵੱਧ ਰਕਮ ਦਾ ਕਲੇਮ ਕੀਤਾ ਜਾ ਸਕੇ। ਇਸ ਘਟਨਾ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ ਸੀ। ਪਰਿਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਸਰਕਾਰੀ ਯੋਜਨਾਵਾਂ ਦਾ ਵੱਧ ਲਾਭ ਲੈਣ ਲਈ ਸਹਿਮਤੀ ਫਾਰਮਾਂ ’ਤੇ ਕਥਿਤ ਤੌਰ ’ਤੇ ਜਾਅਲੀ ਦਸਤਖ਼ਤ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ। ਹੁਣ ED ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਨਿੱਜੀ ਹਸਪਤਾਲਾਂ ਵਿੱਚ ਕਥਿਤ ਘਪਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Park Hospitals Ed Raid Enforcement Directorate Punjab News Patiala News Bathinda News Ayushman Bharat Yojana Ayushman Bharat Scam Haryana News Panipat News Hospital Fraud Punjab Breaking News