October 15, 2026
ਜਲੰਧਰ ਕੈਂਟ ’ਚ ‘ਆਪ’ ਦਾ ਵੱਡਾ ਫੇਰਬਦਲ, ਦੀਪਕ ਬਾਲੀ ਬਣੇ ਹਲਕਾ ਇੰਚਾਰਜ
Prabhsimran Singh / Jalandhar
ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੂੰ ਰਾਜਵਿੰਦਰ ਕੌਰ ਥਿਆੜਾ ਦੀ ਥਾਂ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਦੀਪਕ ਬਾਲੀ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਵਿਭਾਗ ਦੇ ਸਲਾਹਕਾਰ ਹੋਣ ਦੇ ਨਾਲ-ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵੀ ਹਨ। ਉਨ੍ਹਾਂ ਦੀ ਨਿਯੁਕਤੀ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨੇ ਜਾਣ ਤੋਂ ਕੁਝ ਦਿਨ ਬਾਅਦ ਹੋਈ ਹੈ। ਪਾਰਟੀ ਵੱਲੋਂ ਜਲੰਧਰ ਕੈਂਟ ਸੀਟ ’ਤੇ ਮਜ਼ਬੂਤ ਉਮੀਦਵਾਰ ਉਤਾਰਨ ਦੀ ਰਣਨੀਤੀ ਤਹਿਤ ਇਹ ਫੈਸਲਾ ਲਏ ਜਾਣ ਦੀ ਚਰਚਾ ਹੈ। ਦੀਪਕ ਬਾਲੀ ਇਸ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨ ਲਈ ਟਿਕਟ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ ਸੀ। ਜੇਕਰ ਉਹ ਜਲੰਧਰ ਕੈਂਟ ਤੋਂ ਚੋਣ ਲੜਦੇ ਹਨ ਤਾਂ ਇਹ ਉਨ੍ਹਾਂ ਦੀ ਪਹਿਲੀ ਚੋਣ ਹੋਵੇਗੀ। ਇਹ ਫੈਸਲਾ ਰਾਜਵਿੰਦਰ ਕੌਰ ਥਿਆੜਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਪਰਸਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ। ਇਸ ਸੀਟ ਲਈ ਗਗਨਦੀਪ ਸਿੰਘ ਕਾਕੂ ਅਹਲੂਵਾਲੀਆ, ਓਲੰਪੀਅਨ ਸੁਰਿੰਦਰ ਸਿੰਘ ਸੋਢੀ ਸਮੇਤ ਕਈ ਆਗੂ ਦਾਅਵੇਦਾਰ ਸਨ। ਇਹ ਚਰਚਾਵਾਂ ਵੀ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੂੰ ਵੀ ਇਸ ਸੀਟ ਤੋਂ ਚੋਣ ਲੜਾਈ ਜਾ ਸਕਦੀ ਹੈ।
Deepak Bali Rajwinder Kaur Thiara Aap Punjab Jalandhar Cantt Punjab Politics Pargat Singh Bhagwant Mann Dr Gurpreet Kaur Mann Punjab Elections Jalandhar News Political News