October 16, 2026
Fbi ਦੇ ਮੋਸਟ ਵਾਂਟੇਡ ਭਗੌੜਿਆਂ ’ਚ ਸ਼ਾਮਲ ਮਨਜੀਤ ਸਿੰਘ ਬੇਦੀ ਅਮਰੀਕਾ ਵਾਪਸ ਭੇਜਿਆ, 6 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼
Prabhsimran Singh / Punjab
ਐੱਫ਼. ਬੀ.ਆਈ (FBI) ਦੇ ਮੋਸਟ ਵਾਂਟੇਡ ਧੋਖਾਧੜੀ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ 64 ਸਾਲਾ ਮਨਜੀਤ ਸਿੰਘ ਬੇਦੀ ਨੂੰ ਪੰਜਾਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਲਗਪਗ ਇੱਕ ਮਹੀਨੇ ਬਾਅਦ ਅਮਰੀਕਾ ਵਾਪਸ ਭੇਜ ਦਿੱਤਾ ਗਿਆ ਹੈ।ਐੱਫ਼. ਬੀ.ਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਬੇਦੀ ਅਮਰੀਕਾ ਵਾਪਸ ਆ ਗਿਆ ਹੈ। ਉਸ ਨੂੰ ਸਤੰਬਰ ਵਿੱਚ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਇਸ ਕਾਰਵਾਈ ਨੂੰ ਐੱਫ਼. ਬੀ.ਆਈ ਦੇ ਮੋਸਟ ਵਾਂਟੇਡ ਧੋਖਾਧੜੀ ਕਰਨ ਵਾਲਿਆਂ ਨੂੰ ਫੜਨ ਦੀ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਰਾਰ ਦਿੱਤਾ। ਬੇਦੀ ਇਸ ਹਫ਼ਤੇ ਅਮਰੀਕਾ ਦੇ ਸੀਐਟਲ ਪਹੁੰਚਿਆ ਸੀ ਅਤੇ ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਉਹ ਵਾਸ਼ਿੰਗਟਨ ਦੇ ਕੈਂਟ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਟਾਕੋਮਾ ਵਿੱਚ ਉਸ ਦੀ ਏਸ਼ੀਅਨ ਕਰਿਆਨੇ ਦੀ ਦੁਕਾਨ ਸੀ। ਉਸ ’ਤੇ ਦੋਸ਼ ਹੈ ਕਿ ਉਸ ਨੇ 2024 ਅਤੇ 2025 ਦਰਮਿਆਨ ਅਮਰੀਕੀ ਸਰਕਾਰ ਦੇ ਭੋਜਨ ਸਹਾਇਤਾ ਪ੍ਰੋਗਰਾਮ ਤਹਿਤ ਘੱਟੋ-ਘੱਟ 6 ਲੱਖ ਡਾਲਰ ਦੀ ਧੋਖਾਧੜੀ ਕੀਤੀ। ਪ੍ਰੌਸੀਕਿਊਟਰਾਂ ਅਨੁਸਾਰ, ਬੇਦੀ ਨੇ SNAP ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਸਮਝੌਤਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਲਾਭ ਕਾਰਡ ਸਵਾਈਪ ਕਰੇਗਾ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਲਾਭ ਦੀ ਅੱਧੀ ਰਕਮ ਨਕਦ ਦੇਵੇਗਾ, ਜਦਕਿ ਬਾਕੀ ਰਕਮ ਆਪਣੇ ਕੋਲ ਰੱਖੇਗਾ। ਉਸ ਵਿਰੁੱਧ ਅਪਰੈਲ ਵਿੱਚ ਵਾਇਰ ਫਰਾਡ ਦੇ ਛੇ ਦੋਸ਼ ਲਗਾਏ ਗਏ ਸਨ। ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਸੰਘੀ ਅਧਿਕਾਰੀਆਂ ਦਾ ਦੋਸ਼ ਹੈ ਕਿ ਬੇਦੀ ਇਸ ਤੋਂ ਬਾਅਦ ਕੈਨੇਡਾ ਅਤੇ ਫਿਰ ਆਪਣੇ ਗ੍ਰਹਿ ਦੇਸ਼ ਭਾਰਤ ਭੱਜ ਗਿਆ ਸੀ। ਅਮਰੀਕੀ ਅਟਾਰਨੀ ਦੇ ਦਫ਼ਤਰ ਨੇ ਕਿਹਾ ਹੈ ਕਿ ਉਹ ਉਸ ਦੇ ਪਹਿਲਾਂ ਭੱਜਣ ਅਤੇ ਮੁੜ ਫਰਾਰ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਮੁਕੱਦਮੇ ਤੋਂ ਪਹਿਲਾਂ ਉਸ ਨੂੰ ਹਿਰਾਸਤ ਵਿੱਚ ਰੱਖਣ ਦੀ ਮੰਗ ਕਰੇਗਾ। ਅਮਰੀਕੀ ਖੇਤੀਬਾੜੀ ਵਿਭਾਗ (USDA) ਦੇ ਇੰਸਪੈਕਟਰ ਜਨਰਲ ਜੌਨ ਵਾਕ ਨੇ ਦੋਸ਼ ਲਾਇਆ ਕਿ ਬੇਦੀ ਨੇ ਉਨ੍ਹਾਂ ਅਮਰੀਕੀਆਂ ਦੇ ਹੱਕਾਂ ਨਾਲ ਧੋਖਾ ਕੀਤਾ ਜਿਨ੍ਹਾਂ ਨੂੰ ਅਸਲ ਵਿੱਚ ਮਦਦ ਦੀ ਲੋੜ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦੀ ਦੁਕਾਨ ਕਥਿਤ ਤੌਰ ’ਤੇ ਮਨੀ ਲਾਂਡਰਿੰਗ ਲਈ ਵਰਤੇ ਜਾਂਦੇ ਅਦਾਰੇ ਵਾਂਗ ਕੰਮ ਕਰਦੀ ਸੀ। SNAP ਦਾ ਪੂਰਾ ਨਾਮ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਹੈ। ਇਹ ਅਮਰੀਕਾ ਦੀ ਸੰਘੀ ਭੋਜਨ ਸਹਾਇਤਾ ਯੋਜਨਾ ਹੈ, ਜਿਸ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ EBT ਕਾਰਡ ਰਾਹੀਂ ਮਹੀਨਾਵਾਰ ਲਾਭ ਦਿੱਤੇ ਜਾਂਦੇ ਹਨ। ਇਨ੍ਹਾਂ ਕਾਰਡਾਂ ਦੀ ਵਰਤੋਂ ਅਧਿਕਾਰਤ ਦੁਕਾਨਾਂ ਤੋਂ ਯੋਗ ਭੋਜਨ ਖਰੀਦਣ ਲਈ ਕੀਤੀ ਜਾਂਦੀ ਹੈ। ਵਕੀਲਾਂ ਦੇ ਦੋਸ਼ਾਂ ਮੁਤਾਬਕ, ਬੇਦੀ ਨੇ ਲਾਭਪਾਤਰੀਆਂ ਦੇ ਕਾਰਡਾਂ ਰਾਹੀਂ ਅਜਿਹੀਆਂ ਖਰੀਦਾਂ ਦਿਖਾਈਆਂ ਜਿਨ੍ਹਾਂ ਦੇ ਬਦਲੇ ਅਸਲ ਵਿੱਚ ਭੋਜਨ ਨਹੀਂ ਵੇਚਿਆ ਗਿਆ ਅਤੇ ਲਾਭਪਾਤਰੀਆਂ ਨੂੰ ਰਕਮ ਦਾ ਇੱਕ ਹਿੱਸਾ ਨਕਦ ਵਾਪਸ ਦਿੱਤਾ। SNAP ਲਾਭਾਂ ਦੀ ਇਸ ਤਰ੍ਹਾਂ ਨਾਜਾਇਜ਼ ਵਰਤੋਂ ਨੂੰ ‘ਟ੍ਰੈਫਿਕਿੰਗ’ ਕਿਹਾ ਜਾਂਦਾ ਹੈ। ਐੱਫ਼. ਬੀ.ਆਈ ਨੇ ਸਤੰਬਰ ਵਿੱਚ ਬੇਦੀ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ ਸੀ। ਉਸ ਸਮੇਂ ਉਹ ਇਸ ਸੂਚੀ ਵਿੱਚੋਂ ਗ੍ਰਿਫ਼ਤਾਰ ਕੀਤਾ ਜਾਣ ਵਾਲਾ ਪੰਜਵਾਂ ਵਿਅਕਤੀ ਸੀ। ਕਾਸ਼ ਪਟੇਲ ਅਨੁਸਾਰ, ਇਸ ਸੂਚੀ ਦੇ ਬਣਨ ਤੋਂ ਲਗਪਗ ਤਿੰਨ ਮਹੀਨਿਆਂ ਦੌਰਾਨ ਹੁਣ ਤੱਕ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਵਿਅਕਤੀ ਕਥਿਤ ਤੌਰ ’ਤੇ ਕੁੱਲ 2 ਅਰਬ ਡਾਲਰ ਤੋਂ ਵੱਧ ਦੀ ਧੋਖਾਧੜੀ ਨਾਲ ਜੁੜੇ ਹੋਏ ਹਨ ਅਤੇ ਲਗਪਗ 4,000 ਦਿਨਾਂ ਤੱਕ ਫਰਾਰ ਰਹੇ। ਪਟੇਲ ਨੇ ਇਹ ਵੀ ਦੱਸਿਆ ਕਿ ਐੱਫ਼. ਬੀ.ਆਈ ਨੇ ਪਿਛਲੇ 20 ਮਹੀਨਿਆਂ ਦੌਰਾਨ 260 ਹਵਾਲਗੀ ਅਤੇ ਦੇਸ਼ ਤੋਂ ਵਾਪਸੀ ਦੀਆਂ ਕਾਰਵਾਈਆਂ ਕਰਵਾਈਆਂ ਹਨ, ਜੋ ਇਸ ਤੋਂ ਪਹਿਲਾਂ ਦੇ 20 ਮਹੀਨਿਆਂ ਦੇ ਮੁਕਾਬਲੇ 70 ਫ਼ੀਸਦੀ ਤੋਂ ਵੱਧ ਹਨ। ਉਨ੍ਹਾਂ ਇਸ ਦਾ ਸਿਹਰਾ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਹਿਯੋਗ ਨੂੰ ਦਿੱਤਾ। ਹਾਲਾਂਕਿ, ਬੇਦੀ ਨੂੰ ਅਮਰੀਕਾ ਵਾਪਸ ਲਿਆਉਣ ਦੀ ਪ੍ਰਕਿਰਿਆ ਬਾਰੇ ਐਲਾਨ ਵਿੱਚ ਵਿਸਥਾਰ ਨਾਲ ਜਾਣਕਾਰੀ ਨਹੀਂ ਦਿੱਤੀ ਗਈ। ਉਸ ਵਿਰੁੱਧ ਲੱਗੇ ਦੋਸ਼ਾਂ ਦੀ ਅਮਰੀਕੀ ਅਦਾਲਤ ਵਿੱਚ ਅਜੇ ਤੱਕ ਸੁਣਵਾਈ ਰਾਹੀਂ ਪੁਸ਼ਟੀ ਨਹੀਂ ਹੋਈ ਹੈ।
Fbi Manjit Singh Bedi Kash Patel Punjab Police Fbi Most Wanted Fraud Case Snap Benefits Fraud Us Government Fraud Wire Fraud Money Laundering Allegations India Us Relations Seattle Washington Extradition