October 19, 2026
ਪੰਜਾਬ ’ਚ ਸ਼੍ਰੀਨਗਰ ਜਾ ਰਹੀ ਬੱਸ ’ਤੇ ਪਥਰਾਅ, ਸਵਾਰੀਆਂ ਵਾਲ-ਵਾਲ ਬਚੀਆਂ
Prabhsimran Singh / Ludhiana
ਹਰਿਆਣਾ ਵਿੱਚ ਜੰਮੂ-ਕਸ਼ਮੀਰ ਦੀਆਂ ਸਵਾਰੀਆਂ ਨਾਲ ਭਰੀ ਬੱਸ ’ਤੇ ਪੱਥਰਾਂ ਅਤੇ ਇੱਟਾਂ ਨਾਲ ਹੋਏ ਹਮਲੇ ਤੋਂ ਅਗਲੇ ਹੀ ਦਿਨ ਪੰਜਾਬ ਵਿੱਚ ਵੀ ਉਸੇ ਬੱਸ ਆਪਰੇਟਰ ਦੀ ਸ਼੍ਰੀਨਗਰ ਜਾ ਰਹੀ ਨਿੱਜੀ ਸਲੀਪਰ ਵੋਲਵੋ ਬੱਸ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਵਿਅਕਤੀਆਂ ਨੇ ਐਤਵਾਰ ਦੇਰ ਰਾਤ ਲੁਧਿਆਣਾ ਨੇੜੇ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ’ਤੇ ਬੱਸ ’ਤੇ ਪੱਥਰਬਾਜ਼ੀ ਕੀਤੀ। ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ‘ਸਟਾਰ ਵਰਲਡ ਵੈਂਚਰਜ਼’ ਦੇ ਬੱਸ ਚਾਲਕ ਇਸ਼ਫਾਕ ਅਹਿਮਦ ਨੇ ‘ਟ੍ਰਿਬਿਊਨ’ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਬੱਸ ਸ਼੍ਰੀਨਗਰ ਵੱਲ ਜਾ ਰਹੀ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਅਚਾਨਕ ਬੱਸ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਚਾਲਕ ਮੁਤਾਬਕ, ਜਿਸ ਪਾਸੇ ਪੱਥਰ ਮਾਰੇ ਗਏ, ਉੱਥੇ ਔਰਤਾਂ ਅਤੇ ਬੱਚੇ ਸੁੱਤੇ ਪਏ ਸਨ। ਸਾਰੀਆਂ ਸਵਾਰੀਆਂ ਸੁਰੱਖਿਅਤ ਹਨ, ਪਰ ਇਸ ਘਟਨਾ ਤੋਂ ਬਾਅਦ ਮੁਸਾਫ਼ਰ ਕਾਫ਼ੀ ਡਰੇ ਹੋਏ ਹਨ। ਚਾਲਕ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲੀਸ ਨਾਲ ਸੰਪਰਕ ਕੀਤਾ ਗਿਆ। ਇਸ ਮਗਰੋਂ ਪੁਲੀਸ ਮੁਲਾਜ਼ਮਾਂ ਨੇ ਬੱਸ ਨੂੰ ਕਈ ਕਿਲੋਮੀਟਰ ਤੱਕ ਸੁਰੱਖਿਆ ਹੇਠ ਅੱਗੇ ਲੰਘਾਇਆ। ਬੱਸ ਹੁਣ ਸ਼੍ਰੀਨਗਰ ਲਈ ਰਵਾਨਾ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨਿਚਰਵਾਰ ਰਾਤ ਹਰਿਆਣਾ ਦੇ ਨਿਲੋਖੇੜੀ ਨੇੜੇ ਇੱਕ ਢਾਬੇ ’ਤੇ ਜੰਮੂ-ਕਸ਼ਮੀਰ ਦੇ ਮੁਸਾਫ਼ਰਾਂ ਨਾਲ ਭਰੀ ਨਿੱਜੀ ਸਲੀਪਰ ਬੱਸ ’ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕੀਤਾ ਗਿਆ ਸੀ। ਇਸ ਘਟਨਾ ਵਿੱਚ ਇੱਕ ਯਾਤਰੀ ਅਤੇ ਇੱਕ ਵਰਕਰ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਰਿਆਣਾ ਵਿੱਚ ਵਾਪਰੀ ਘਟਨਾ ਨੇ ਕਸ਼ਮੀਰ ਘਾਟੀ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਧਾਰਮਿਕ ਅਤੇ ਸਿਆਸੀ ਆਗੂਆਂ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਵਿੱਚ ਹਮਲੇ ਦਾ ਸ਼ਿਕਾਰ ਹੋਈ ਬੱਸ ਦੇ ਚਾਲਕ ਨੇ ਦੋਸ਼ ਲਾਇਆ ਸੀ ਕਿ ਹਮਲਾਵਰਾਂ ਨੇ ਬੱਸ ਦੀ ਨੰਬਰ ਪਲੇਟ ਦੇਖ ਕੇ ਉਸ ਨੂੰ ‘ਅਤਿਵਾਦੀ’ ਵੀ ਕਿਹਾ ਸੀ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਰਿਆਣਾ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸੂਬਾ ਸਰਕਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਹਰਿਆਣਾ ਪੁਲੀਸ ਨੇ ਇਸ ਮਾਮਲੇ ਵਿੱਚ ਨਫ਼ਰਤੀ ਹਿੰਸਾ ਦੇ ਪਹਿਲੂ ਤੋਂ ਇਨਕਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਘਟਨਾ ਸੜਕ ’ਤੇ ਹੋਈ ਮਾਮੂਲੀ ਬਹਿਸਬਾਜ਼ੀ ਤੋਂ ਸ਼ੁਰੂ ਹੋਈ ਸੀ।
Punjab Bus Attack Ludhiana Srinagar Bound Bus Jammu And Kashmir Stone Pelting Star World Ventures Punjab Police Haryana Bus Attack Nilokheri Omar Abdullah