October 19, 2026
500 ਕਰੋੜ ਦੇ ਗੋਲਾ-ਬਾਰੂਦ ਸੌਦੇ ’ਚ ਰਿਸ਼ਵਤ ਕਾਂਡ: ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੀਬੀਆਈ ਦੇ ਸ਼ਿਕੰਜੇ ’ਚ
Prabhsimran Singh / Bathinda
ਰਾਮਪੁਰਾ ਫੂਲ ਦੇ ਕਾਂਸਲ ਪਰਿਵਾਰ ਦੇ ਤਾਰ 500 ਕਰੋੜ ਰੁਪਏ ਦੇ ਗੋਲਾ-ਬਾਰੂਦ ਸਪਲਾਈ ਠੇਕੇ ਨਾਲ ਜੁੜੇ ਕਥਿਤ ਰਿਸ਼ਵਤ ਕਾਂਡ ਵਿੱਚ ਸਾਹਮਣੇ ਆਏ ਹਨ। ਸੀਬੀਆਈ ਨੇ ਇਸ ਮਾਮਲੇ ਵਿੱਚ ਮਿਊਨੀਸ਼ਨਜ਼ ਇੰਡੀਆ ਲਿਮਟਿਡ (ਐੱਮਆਈਐੱਲ) ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ਐੱਸਐੱਮਪੀਪੀ ਲਿਮਟਿਡ ਦੇ ਡਾਇਰੈਕਟਰ ਤੇ ਪ੍ਰਮੋਟਰ ਆਸ਼ੀਸ਼ ਕਾਂਸਲ ਸਮੇਤ ਛੇ ਵਿਅਕਤੀਆਂ ਖ਼ਿਲਾਫ਼ 12 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਕੇਸ ਦਰਜ ਕੀਤਾ ਹੈ। ਕੇਂਦਰੀ ਏਜੰਸੀ ਨੇ ਅਨਿਲ ਕੁਮਾਰ ਅਤੇ ਆਸ਼ੀਸ਼ ਕਾਂਸਲ ਸਮੇਤ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਰਾਮਪੁਰਾ ਫੂਲ ਦੇ ਸ਼ਿਵ ਚੰਦ ਕਾਂਸਲ ਦੇ ਪਰਿਵਾਰ ਨਾਲ ਸਬੰਧਤ ਐੱਸਐੱਮਪੀਪੀ ਲਿਮਟਿਡ ਕੰਪਨੀ ਡਰੋਨ ਤਕਨਾਲੋਜੀ ਅਤੇ ਗੋਲਾ-ਬਾਰੂਦ ਦੇ ਨਿਰਮਾਣ ਦਾ ਕੰਮ ਕਰਦੀ ਹੈ। ਕੰਪਨੀ ਨੂੰ ਕੇਂਦਰ ਸਰਕਾਰ ਦੀ ਮਿਊਨੀਸ਼ਨਜ਼ ਇੰਡੀਆ ਲਿਮਟਿਡ ਵੱਲੋਂ ਇੱਕ ਸਾਲ ਦੀ ਮਿਆਦ ਵਿੱਚ ਗੋਲਾ-ਬਾਰੂਦ ਦੀ ਸਪਲਾਈ ਲਈ 500 ਕਰੋੜ ਰੁਪਏ ਦਾ ਠੇਕਾ ਮਿਲਿਆ ਹੋਇਆ ਸੀ। ਸੀਬੀਆਈ ਦੇ ਬਿਆਨ ਮੁਤਾਬਕ, ਪੁਣੇ ਸਥਿਤ ਐੱਮਆਈਐੱਲ ਦਫ਼ਤਰ ਵਿੱਚ ਤਾਇਨਾਤ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ’ਤੇ ਰੱਖਿਆ ਉਤਪਾਦਨ, ਖ਼ਰੀਦ ਅਤੇ ਹੋਰ ਰਣਨੀਤਕ ਤੌਰ ’ਤੇ ਅਹਿਮ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਹਨ। ਦੋਸ਼ ਹੈ ਕਿ ਉਹ ਠੇਕੇਦਾਰਾਂ ਅਤੇ ਕੁਝ ਨਿੱਜੀ ਵਿਕਰੇਤਾਵਾਂ ਨਾਲ ਜਾਣਕਾਰੀ ਸਾਂਝੀ ਕਰਨ ਬਦਲੇ ਨਾਜਾਇਜ਼ ਰਿਸ਼ਵਤ ਦੀ ਮੰਗ ਕਰਦੇ ਸਨ। ਅਜਿਹੀ ਜਾਣਕਾਰੀ ਲੀਕ ਹੋਣ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਸੀ। ਜਾਂਚ ਏਜੰਸੀ ਅਨੁਸਾਰ, ਆਸ਼ੀਸ਼ ਕਾਂਸਲ 500 ਕਰੋੜ ਰੁਪਏ ਦੇ ਸਰਕਾਰੀ ਠੇਕੇ ਦੇ ਸਬੰਧ ਵਿੱਚ ਅਨਿਲ ਕੁਮਾਰ ਦੇ ਨਿਯਮਤ ਸੰਪਰਕ ਵਿੱਚ ਸਨ। ਕੰਪਨੀ ਦਾ ਕਰਮਚਾਰੀ ਰਵਿਤ ਕੁਮਾਰ ਤਿਵਾੜੀ ਵੀ ਅਨਿਲ ਕੁਮਾਰ ਦੇ ਸੰਪਰਕ ਵਿੱਚ ਸੀ। ਸੀਬੀਆਈ ਨੂੰ 12 ਅਕਤੂਬਰ ਨੂੰ ਆਸ਼ੀਸ਼ ਕਾਂਸਲ ਵੱਲੋਂ ਅਨਿਲ ਕੁਮਾਰ ਨੂੰ ਵੱਡੀ ਰਕਮ ਰਿਸ਼ਵਤ ਵਜੋਂ ਦਿੱਤੇ ਜਾਣ ਦੀ ਸੰਭਾਵਨਾ ਬਾਰੇ ਜਾਣਕਾਰੀ ਮਿਲੀ ਸੀ। ਇਸ ਮਾਮਲੇ ਵਿੱਚ ਅਨਿਲ ਕੁਮਾਰ ਦੇ ਟਿਕਾਣਿਆਂ ਤੋਂ 1.73 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਕੰਪਨੀ ਵਿੱਚ ਆਸ਼ੀਸ਼ ਕਾਂਸਲ ਹੋਲ-ਟਾਈਮ ਡਾਇਰੈਕਟਰ ਹਨ, ਜਦਕਿ ਉਨ੍ਹਾਂ ਦੇ ਪਿਤਾ ਸ਼ਿਵ ਚੰਦ ਕਾਂਸਲ ਮੈਨੇਜਿੰਗ ਡਾਇਰੈਕਟਰ ਹਨ। ਮਧੂ ਕਾਂਸਲ ਵੀ ਹੋਲ-ਟਾਈਮ ਡਾਇਰੈਕਟਰ ਹਨ ਅਤੇ ਮਹਿਮਾ ਗੁਪਤਾ ਤੇ ਮਨੋਜ ਗੁਪਤਾ ਕੰਪਨੀ ਦੇ ਡਾਇਰੈਕਟਰ ਹਨ। ਕਾਂਸਲ ਪਰਿਵਾਰ ਲੰਮਾ ਸਮਾਂ ਪਹਿਲਾਂ ਰਾਮਪੁਰਾ ਫੂਲ ਤੋਂ ਦਿੱਲੀ ਸ਼ਿਫ਼ਟ ਹੋ ਗਿਆ ਸੀ। ਇਸ ਤੋਂ ਪਹਿਲਾਂ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਈ ਮਹੀਨੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਕਾਂਸਲ ਪਰਿਵਾਰ ਦੇ ਰਾਇਲ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰਾਇਲ ਸਿਟੀ ਪ੍ਰਮੋਟਰਜ਼ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਅੱਧੀ ਦਰਜਨ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਕੰਪਨੀਆਂ ਨਾਲ ਜੁੜੇ ਪਰਵੀਨ ਕਾਂਸਲ ਉਰਫ਼ ਰੌਕੀ ਕਾਂਸਲ ਅਤੇ ਉਨ੍ਹਾਂ ਦੇ ਭਰਾ ਨੀਰਜ ਕਾਂਸਲ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰੌਕੀ ਕਾਂਸਲ ਦੇ ਭਤੀਜੇ ਆਸ਼ੀਸ਼ ਕਾਂਸਲ ਦਾ ਨਾਂ ਹੁਣ ਇਸ ਕਥਿਤ ਰਿਸ਼ਵਤ ਕਾਂਡ ਵਿੱਚ ਸਾਹਮਣੇ ਆਇਆ ਹੈ। ਇਸ ਤਰ੍ਹਾਂ ਕਾਂਸਲ ਪਰਿਵਾਰ ਨਾਲ ਜੁੜੇ ਵੱਖ-ਵੱਖ ਮਾਮਲਿਆਂ ਦੀ ਜਾਂਚ ਸੀਬੀਆਈ ਅਤੇ ਈਡੀ ਵੱਲੋਂ ਕੀਤੀ ਜਾ ਰਹੀ ਹੈ।
Cbi Ed Kansal Family Rampura Phul Ashish Kansal Anil Kumar Smpp Limited Ammunition Deal 500 Crore Contract Bribery Case Defence Procurement Munition India Limited Money Laundering Punjab News India News