October 21, 2026
ਟਾਈਗਰ ਸ਼ਰੌਫ਼ ਦੀ ਕਾਰ ’ਤੇ ਗੋਲੀਬਾਰੀ ਮਾਮਲੇ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ, ਹਥਿਆਰ ਸਪਲਾਈ ਕਰਨ ਵਾਲੇ ਦੀ ਭਾਲ
Prabhsimran Singh / Mumbai
ਮੁੰਬਈ ਵਿੱਚ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਹਥਿਆਰਾਂ ਦੀ ਸਪਲਾਈ ਦੇ ਤਾਰ ਅੰਮ੍ਰਿਤਸਰ ਨਾਲ ਜੁੜ ਗਏ ਹਨ। ਸੁਰੱਖਿਆ ਏਜੰਸੀਆਂ ਉਸ ਵਿਅਕਤੀ ਦੀ ਭਾਲ ਕਰ ਰਹੀਆਂ ਹਨ, ਜਿਸ ਨੇ ਇਸ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਮੁਹੱਈਆ ਕਰਵਾਏ ਸਨ। ਸੂਤਰਾਂ ਮੁਤਾਬਕ ਹਥਿਆਰ ਅਤੇ ਗੋਲਾ-ਬਾਰੂਦ ਅੰਮ੍ਰਿਤਸਰ ਦੇ ਇੱਕ ਵਿਅਕਤੀ ਕੋਲੋਂ ਹਾਸਲ ਕੀਤੇ ਗਏ ਸਨ ਅਤੇ ਖ਼ਦਸ਼ਾ ਹੈ ਕਿ ਇਹ ਖ਼ੇਪ ਪਾਕਿਸਤਾਨ ਤੋਂ ਤਸਕਰੀ ਰਾਹੀਂ ਮੰਗਵਾਈ ਗਈ ਸੀ। ਪੰਜਾਬ ਪੁਲੀਸ ਦੇ ਸੂਤਰਾਂ ਅਨੁਸਾਰ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ (ISI) ਡਰੋਨਾਂ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਹਥਿਆਰਾਂ ਦੀ ਸਪਲਾਈ ਕਰ ਰਹੀ ਹੈ। ਪੁਲੀਸ ਨੇ ਸਰਹੱਦ ਪਾਰੋਂ ਵਧ ਰਹੀ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਬਾਰੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਚੌਕਸ ਕੀਤਾ ਹੈ। ਚਿਤਾਵਨੀ ਦਿੱਤੀ ਗਈ ਹੈ ਕਿ ਪੰਜਾਬ ਵਿੱਚ ਪਹੁੰਚ ਰਹੇ ਆਧੁਨਿਕ ਹਥਿਆਰਾਂ ਦੀ ਵਰਤੋਂ ਗੈਂਗਸਟਰ ਅਤੇ ਦਹਿਸ਼ਤਗਰਦ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਵਾਰਦਾਤਾਂ ਲਈ ਕਰ ਸਕਦੇ ਹਨ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਾਜ਼ਾ ਹਮਲੇ ਲਈ ਹਥਿਆਰ ਅੰਮ੍ਰਿਤਸਰ ਦੇ ਇੱਕ ਵਿਅਕਤੀ ਤੋਂ ਹਾਸਲ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਇਸ ਮਾਮਲੇ ਵਿੱਚ ਦਿੱਲੀ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਸੋਨੀਪਤ ਦੇ ਕੁਨਾਲ (21) ਅਤੇ ਸੁਮਿਤ (19), ਜਦਕਿ ਉੱਤਰ ਪ੍ਰਦੇਸ਼ ਦੀਆਂ ਰਾਧਾ (23) ਅਤੇ ਬਬੀਤਾ (23) ਸ਼ਾਮਲ ਹਨ। ਪੁਲੀਸ ਅਨੁਸਾਰ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਏ ਕੁਨਾਲ ਦਾ ਸੰਪਰਕ ਅਨਿਲ ਪੰਡਿਤ ਨਾਲ ਕਰਵਾਇਆ ਗਿਆ ਸੀ। ਪਾਣੀਪਤ ਦਾ ਰਹਿਣ ਵਾਲਾ 32 ਸਾਲਾ ਅਨਿਲ ਪੰਡਿਤ ਇਸ ਸਮੇਂ ਅਮਰੀਕਾ ਵਿੱਚ ਹੈ ਅਤੇ ਉਸ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਥਿਤ ਸਾਥੀ ਦੱਸਿਆ ਜਾਂਦਾ ਹੈ। ਪੰਡਿਤ ਦੇ ਇਸ਼ਾਰੇ ’ਤੇ ਕੁਨਾਲ ਅਤੇ ਸੁਮਿਤ ਨੇ ਅੰਮ੍ਰਿਤਸਰ ਤੋਂ ਇੱਕ ਪਿਸਤੌਲ ਅਤੇ 20 ਕਾਰਤੂਸ ਹਾਸਲ ਕੀਤੇ। ਇਸ ਤੋਂ ਬਾਅਦ ਕੁਨਾਲ ਨੇ ਰਾਧਾ ਨੂੰ ਹਥਿਆਰ ਮੁੰਬਈ ਪਹੁੰਚਾਉਣ ਲਈ ਰਾਜ਼ੀ ਕੀਤਾ। ਜਾਂਚ ਮੁਤਾਬਕ ਰਾਧਾ ਅਤੇ ਬਬੀਤਾ 15 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਰਵਾਨਾ ਹੋਈਆਂ ਅਤੇ 17 ਅਕਤੂਬਰ ਨੂੰ ਮੁੰਬਈ ਪਹੁੰਚੀਆਂ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਹੋਟਲ ਨੇੜੇ ਇੱਕ ਨਾਬਾਲਗ ਲੜਕੇ ਨੇ ਰਾਧਾ ਤੋਂ ਹਥਿਆਰਾਂ ਵਾਲਾ ਬੈਗ ਲੈ ਲਿਆ। ਇਸ ਤੋਂ ਅਗਲੀ ਸ਼ਾਮ ਗੋਲੀਬਾਰੀ ਦੀ ਘਟਨਾ ਵਾਪਰੀ। ਦੋਵੇਂ ਔਰਤਾਂ 18 ਅਕਤੂਬਰ ਨੂੰ ਦਿੱਲੀ ਪਰਤ ਆਈਆਂ ਅਤੇ 20 ਅਕਤੂਬਰ ਨੂੰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁੰਬਈ ਪੁਲੀਸ ਨੇ ਚਾਰਾਂ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਹੈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਟਾਈਗਰ ਸ਼ਰੌਫ ਜੁਹੂ ਸਥਿਤ ਪੁਸ਼ਪਾ ਪਾਰਕ ਨੇੜੇ ਫੁੱਟਬਾਲ ਮੈਦਾਨ ਤੋਂ ਬਾਹਰ ਆ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ’ਤੇ ਤਿੰਨ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਵਿੱਚ ਅਦਾਕਾਰ ਵਾਲ-ਵਾਲ ਬਚ ਗਏ, ਪਰ ਉਨ੍ਹਾਂ ਦਾ ਡਰਾਈਵਰ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਕੁਝ ਘੰਟਿਆਂ ਬਾਅਦ ਆਪਣੇ ਆਪ ਨੂੰ ਅਨਿਲ ਪੰਡਿਤ ਦੱਸਣ ਵਾਲੇ ਇੱਕ ਵਿਅਕਤੀ ਨੇ ਵੀਡੀਓ ਜਾਰੀ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ। ਉਸ ਨੇ ਧਮਕੀ ਦਿੱਤੀ ਕਿ ਫ਼ਿਲਮ ਇੰਡਸਟਰੀ ਵਿੱਚ ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲਾ ਅਗਲਾ ਨਿਸ਼ਾਨਾ ਹੋਵੇਗਾ। ਇਸ ਤੋਂ ਪਹਿਲਾਂ ਅਪਰੈਲ 2024 ਵਿੱਚ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਵੀ ਮੁੰਬਈ ਪੁਲੀਸ ਨੇ ਸੰਗਰੂਰ ਤੋਂ ਦੋ ਹਥਿਆਰ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫ਼ਿਲਮੀ ਹਸਤੀਆਂ ’ਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹਮਲਿਆਂ ਦੀ ਜਾਂਚ ਦੌਰਾਨ ਪੰਜਾਬ ਤੋਂ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਪੰਜਾਬ ਪੁਲੀਸ ਵੱਲੋਂ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਅਤੇ ਦਹਿਸ਼ਤੀ ਗਤੀਵਿਧੀਆਂ ਖ਼ਿਲਾਫ਼ ਕੀਤੀਆਂ ਕਾਰਵਾਈਆਂ ਦੇ ਅੰਕੜੇ ਵੀ ਜਾਰੀ ਕੀਤੇ ਜਾਂਦੇ ਹਨ। ਡੀਜੀਪੀ ਗੌਰਵ ਯਾਦਵ ਨੇ 14 ਸਤੰਬਰ ਨੂੰ ਦੱਸਿਆ ਸੀ ਕਿ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਮਾਰਚ 2022 ਤੋਂ ਹੁਣ ਤੱਕ 92 ਦਹਿਸ਼ਤੀ ਮੌਡਿਊਲਾਂ ਦਾ ਪਰਦਾਫਾਸ਼ ਕਰਕੇ 686 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ 54 ਰਾਈਫਲਾਂ, 599 ਰਿਵਾਲਵਰ ਅਤੇ ਪਿਸਤੌਲ, 131 ਹੈਂਡ ਗ੍ਰਨੇਡ, 38 ਆਈਈਡੀ ਅਤੇ 28.887 ਕਿਲੋਗ੍ਰਾਮ ਆਰਡੀਐਕਸ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਸੂਬੇ ਵਿੱਚ ਨਜ਼ਰ ਆਏ 1,493 ਡਰੋਨਾਂ ਵਿੱਚੋਂ 952 ਨੂੰ ਡੇਗਣ ਜਾਂ ਜ਼ਬਤ ਕਰਨ ਵਿੱਚ ਸਫ਼ਲਤਾ ਮਿਲੀ ਹੈ।
11 47 Am 21 10 2026 Parm Tiger Shroff Tiger Shroff Firing Case Mumbai Firing Amritsar Punjab News Mumbai Police Delhi Police Arms Smuggling Illegal Weapons Supply Anil Pandit Lawrence Bishnoi Gang Bollywood News Salman Khan Cross Border Smuggling Pakista