September 18, 2026
ਅੰਮ੍ਰਿਤਸਰ ’ਚ ਦੋ ਗੋਲੀਕਾਂਡ: ਡਿਊਟੀ ਦੌਰਾਨ Asi ਹਰਜੀਤ ਸਿੰਘ ਦੀ ਹੱਤਿਆ, ਨੌਜਵਾਨ ਵੀ ਮਾਰਿਆ
Prabhsimran Singh / Amritsar
ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਤੜਕੇ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਇੱਕ ਪੁਲੀਸ ਮੁਲਾਜ਼ਮ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੀ ਘਟਨਾ ਗੇਟ ਹਕੀਮਾ ਥਾਣੇ ਅਧੀਨ ਭਗਤਾਂਵਾਲਾ ਅਨਾਜ ਮੰਡੀ ਨੇੜੇ ਵਾਪਰੀ, ਜਿੱਥੇ ਡਿਊਟੀ ਕਰ ਰਹੇ ਏ.ਐੱਸ.ਆਈ. ਹਰਜੀਤ ਸਿੰਘ ਨੂੰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਕਥਿਤ ਤੌਰ ’ਤੇ ਗੋਲੀਆਂ ਮਾਰ ਦਿੱਤੀਆਂ। ਮ੍ਰਿਤਕ ਏ.ਐੱਸ.ਆਈ. ਹਰਜੀਤ ਸਿੰਘ ਤਰਨਤਾਰਨ ਦੇ ਰਹਿਣ ਵਾਲੇ ਸਨ ਅਤੇ ਪੀ.ਸੀ.ਆਰ. ਵਿੱਚ ਤਾਇਨਾਤ ਸਨ। ਇਹ ਘਟਨਾ ਰਾਤ ਕਰੀਬ 2:30 ਤੋਂ 3 ਵਜੇ ਦਰਮਿਆਨ ਵਾਪਰੀ। ਹਮਲੇ ਵਿੱਚ ਹਰਜੀਤ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਇਸਲਾਮਾਬਾਦ ਥਾਣੇ ਅਧੀਨ ਸੁਰਤਾ ਸਿੰਘ ਰੋਡ ’ਤੇ ਵੀ ਗੋਲੀਬਾਰੀ ਦੀ ਘਟਨਾ ਵਾਪਰੀ। ਇੱਥੇ ਮੋਹਨੀ ਪਾਰਕ ਨੇੜੇ ਹਰਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਸਾਹਿਲਪ੍ਰੀਤ ਸਿੰਘ ਨੂੰ ਐਕਟਿਵਾ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ ’ਤੇ ਨੇੜਿਓਂ ਗੋਲੀਆਂ ਮਾਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਸਾਹਿਲਪ੍ਰੀਤ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਲਈ ਬਾਹਰ ਨਿਕਲੇ ਸਨ। ਹਮਲੇ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਵਾਰਦਾਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
Amritsar News Punjab News Crime News Amritsar Crime Punjab Police Asi Harjit Singh Sahilpreet Singh Shooting Murder Case Police Officer Murder Breaking News Crime Update Gate Hakima Islamabad Police Station