October 26, 2026
ਸ਼ੰਭੂ-ਰਾਜਪੁਰਾ ਰੇਲਵੇ ਧਮਾਕਾ ਮਾਮਲੇ ’ਚ Nia ਵੱਲੋਂ 6 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ
Prabhsimran Singh / Punjab
ਕੌਮੀ ਜਾਂਚ ਏਜੰਸੀ (NIA) ਨੇ 27 ਅਪਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਦਰਮਿਆਨ ਰੇਲਵੇ ਲਾਈਨ ’ਤੇ ਹੋਏ ਧਮਾਕੇ ਦੇ ਮਾਮਲੇ ਵਿੱਚ ਛੇ ਮੁਲਜ਼ਮਾਂ ਖ਼ਿਲਾਫ਼ ਮੁਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਇਸ ਘਟਨਾ ਵਿੱਚ ਧਮਾਕਾਖੇਜ਼ ਸਮੱਗਰੀ ਤਿਆਰ ਕਰ ਰਹੇ ਜਗਰੂਪ ਸਿੰਘ ਦੀ ਮੌਤ ਹੋ ਗਈ ਸੀ। NIA ਵੱਲੋਂ ਦੋਸ਼ ਪੱਤਰ ਗੁਰਜਿੰਦਰ ਸਿੰਘ ਉਰਫ਼ ਬੇਅੰਤ ਬਾਬਾ, ਸਤਨਾਮ ਸਿੰਘ, ਪ੍ਰਦੀਪ ਸਿੰਘ ਉਰਫ਼ ਖ਼ਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਮਨਜੀਤ ਸਿੰਘ ਖ਼ਿਲਾਫ਼ ਦਾਖ਼ਲ ਕੀਤਾ ਗਿਆ ਹੈ। ਮੁਲਜ਼ਮਾਂ ਵਿਰੁੱਧ ਭਾਰਤੀ ਨਿਆਂ ਸੰਹਿਤਾ (BNS), ਅਸਲਾ ਕਾਨੂੰਨ, ਧਮਾਕਾਖੇਜ਼ ਸਮੱਗਰੀ ਕਾਨੂੰਨ, ਰੇਲਵੇ ਕਾਨੂੰਨ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਥਾਮ ਸਬੰਧੀ ਕਾਨੂੰਨ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ। NIA ਮੁਤਾਬਕ ਮੁਲਜ਼ਮ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ, ਫ਼ਿਰਕੂ ਸਦਭਾਵਨਾ ਭੰਗ ਕਰਨ ਅਤੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗਾੜਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਏਜੰਸੀ ਅਨੁਸਾਰ, ਇਸ ਸਾਜ਼ਿਸ਼ ਤਹਿਤ 27 ਅਪਰੈਲ ਨੂੰ ਸ਼ੰਭੂ ਅਤੇ ਰਾਜਪੁਰਾ ਰੇਲਵੇ ਸਟੇਸ਼ਨਾਂ ਵਿਚਕਾਰ ਰੇਲਵੇ ਲਾਈਨ ’ਤੇ ਧਮਾਕਾ ਕੀਤਾ ਗਿਆ ਸੀ। ਜਾਂਚ ਦੌਰਾਨ NIA ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਮ੍ਰਿਤਕ ਜਗਰੂਪ ਸਿੰਘ ਨਾਲ ਮਿਲ ਕੇ ਉਸ ਸਾਜ਼ਿਸ਼ ਦਾ ਹਿੱਸਾ ਸਨ, ਜਿਸ ਨੂੰ ਪਾਕਿਸਤਾਨ ਵਿੱਚ ਰਹਿੰਦੇ ਰਣਜੀਤ ਸਿੰਘ ਉਰਫ਼ ਨੀਤਾ ਨੇ ਕਥਿਤ ਤੌਰ ’ਤੇ ਰਚਿਆ ਸੀ। ਏਜੰਸੀ ਮੁਤਾਬਕ ਰਣਜੀਤ ਸਿੰਘ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਿਆ ਹੋਇਆ ਹੈ।
Nia Shambhu Railway Blast Rajpura Railway Line Punjab News Nia Chargesheet Khalistan Zindabad Force Railway Blast Case Punjab Crime News Mohali Special Court Ranjit Singh Nita