November 6, 2026
ਦਿੱਲੀ ਏਅਰਪੋਰਟ ’ਤੇ 5 ਕਰੋੜ ਦੀ ਕੋਕੀਨ ਸਮੇਤ ਗਿਨੀ ਦਾ ਨਾਗਰਿਕ ਗ੍ਰਿਫ਼ਤਾਰ, ਸਰੀਰ ’ਚ ਲੁਕਾ ਕੇ ਲਿਆਇਆ ਸੀ 70 ਕੈਪਸੂਲ
Prabhsimran Singh / Delhi
ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗਿਨੀ ਦੇ ਇੱਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ’ਤੇ ਆਪਣੇ ਸਰੀਰ ਦੇ ਅੰਦਰ ਨਸ਼ੀਲੇ ਪਦਾਰਥ ਲੁਕਾ ਕੇ ਭਾਰਤ ਲਿਆਉਣ ਦਾ ਦੋਸ਼ ਹੈ। ਸਫ਼ਦਰਜੰਗ ਹਸਪਤਾਲ ਵਿੱਚ ਡਾਕਟਰੀ ਦੇਖਰੇਖ ਦੌਰਾਨ ਉਸ ਦੇ ਸਰੀਰ ਵਿੱਚੋਂ ਕੁੱਲ 70 ਅੰਡਾਕਾਰ ਕੈਪਸੂਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦਾ ਕੁੱਲ ਵਜ਼ਨ 1.068 ਕਿਲੋਗ੍ਰਾਮ ਹੈ ਅਤੇ ਕਾਲਾਬਾਜ਼ਾਰੀ ਵਿੱਚ ਇਨ੍ਹਾਂ ਦੀ ਕੀਮਤ ਲਗਪਗ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਗੁਪਤ ਸੂਚਨਾ ਦੇ ਆਧਾਰ ’ਤੇ ਕਸਟਮ ਅਧਿਕਾਰੀਆਂ ਨੇ 28 ਅਕਤੂਬਰ 2026 ਨੂੰ ਕੋਨਾਕਰੀ ਤੋਂ ਅੱਡੀਸ ਅਬਾਬਾ ਹੁੰਦੇ ਹੋਏ ਦਿੱਲੀ ਪਹੁੰਚੇ ਯਾਤਰੀ ਨੂੰ ਟਰਮੀਨਲ-3 ’ਤੇ ਰੋਕਿਆ ਸੀ। ਸਾਮਾਨ ਦੀ ਐਕਸ-ਰੇ ਜਾਂਚ ਲਈ ਉਸ ਨੂੰ ਗ੍ਰੀਨ ਚੈਨਲ ’ਤੇ ਲਿਜਾਇਆ ਗਿਆ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਯਾਤਰੀ ਨੇ ਆਪਣੇ ਸਰੀਰ ਅੰਦਰ ਨਸ਼ੀਲੇ ਪਦਾਰਥ ਲੁਕਾਏ ਹੋਣ ਦੀ ਗੱਲ ਕਬੂਲ ਕੀਤੀ।ਅਦਾਲਤ ਦੇ ਹੁਕਮਾਂ ਤੋਂ ਬਾਅਦ ਮੁਲਜ਼ਮ ਨੂੰ ਡਾਕਟਰੀ ਨਿਗਰਾਨੀ ਹੇਠ ਸਫ਼ਦਰਜੰਗ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉੱਥੇ ਦੋ ਪੜਾਵਾਂ ਵਿੱਚ ਉਸ ਦੇ ਸਰੀਰ ਵਿੱਚੋਂ ਕੈਪਸੂਲ ਕੱਢੇ ਗਏ। ਪਹਿਲੇ ਪੜਾਅ ਵਿੱਚ 36 ਕੈਪਸੂਲ ਬਰਾਮਦ ਹੋਏ, ਜਦਕਿ ਬਾਅਦ ਵਿੱਚ 34 ਹੋਰ ਕੈਪਸੂਲ ਕੱਢੇ ਗਏ। ਇਸ ਤਰ੍ਹਾਂ ਕੁੱਲ 70 ਕੈਪਸੂਲ ਬਰਾਮਦ ਕੀਤੇ ਗਏ। ਕਸਟਮ ਅਧਿਕਾਰੀਆਂ ਮੁਤਾਬਕ, ਇਹ ਕੈਪਸੂਲ ਪਾਰਦਰਸ਼ੀ ਪਲਾਸਟਿਕ ਵਿੱਚ ਚੰਗੀ ਤਰ੍ਹਾਂ ਲਪੇਟੇ ਹੋਏ ਸਨ ਅਤੇ ਇਨ੍ਹਾਂ ਵਿੱਚ ਚਿੱਟੇ ਰੰਗ ਦਾ ਪਾਊਡਰ ਭਰਿਆ ਹੋਇਆ ਸੀ। ਮੁੱਢਲੀ ਜਾਂਚ ਵਿੱਚ ਇਹ ਪਦਾਰਥ ਕੋਕੀਨ ਜਾਂ MDMA ਹੋਣ ਦਾ ਸ਼ੱਕ ਜਤਾਇਆ ਗਿਆ ਹੈ। ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਐਨਡੀਪੀਐਸ ਐਕਟ, 1985 ਦੀ ਧਾਰਾ 43(a) ਤਹਿਤ ਜ਼ਬਤ ਕੀਤਾ ਗਿਆ ਹੈ।ਮੁਲਜ਼ਮ ਨੂੰ 29 ਅਕਤੂਬਰ ਨੂੰ ਐਨਡੀਪੀਐਸ ਐਕਟ ਦੀ ਧਾਰਾ 43(b) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਐਕਟ ਦੀਆਂ ਧਾਰਾਵਾਂ 8, 21, 23 ਅਤੇ 29 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁਲਜ਼ਮ ਨੂੰ ਤਿਹਾੜ ਜੇਲ੍ਹ ਭੇਜਿਆ ਜਾਵੇਗਾ। ਕਸਟਮ ਵਿਭਾਗ ਵੱਲੋਂ ਹੁਣ ਨਸ਼ੀਲੇ ਪਦਾਰਥਾਂ ਦੇ ਸਰੋਤ ਅਤੇ ਇਸ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਕਸਟਮਜ਼ ਨੇ ਕਿਹਾ ਹੈ ਕਿ ਵਿਭਾਗ ਨਸ਼ਾ ਤਸਕਰੀ ਦੇ ਹਰ ਤਰੀਕੇ ਵਿਰੁੱਧ ਚੌਕਸ ਹੈ ਅਤੇ 'ਨਸ਼ਾ ਮੁਕਤ ਭਾਰਤ ਅਭਿਆਨ' ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਭਾਗ ਨੇ ਹਵਾਈ ਅੱਡੇ ਨੂੰ ਨਸ਼ਾ ਤਸਕਰੀ ਤੋਂ ਮੁਕਤ ਰੱਖਣ ਅਤੇ ਦੇਸ਼ ਦੇ ਨੌਜਵਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵੀ ਭਰੋਸਾ ਦਿੱਤਾ ਹੈ।
Delhi Airport Igi Airport Delhi Customs Drug Smuggling Cocaine Smuggling Mdma Guinea National Safdarjung Hospital Ndps Act Drug Trafficking Delhi News India News