November 1, 2026
ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, Wsj ਅਤੇ ਰੂਪਰਟ ਮਰਡੋਕ ਖ਼ਿਲਾਫ਼ 10 ਅਰਬ ਡਾਲਰ ਦਾ ਮਾਣਹਾਨੀ ਕੇਸ ਖ਼ਾਰਜ
Prabhsimran Singh / Usa
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੱਡਾ ਕਾਨੂੰਨੀ ਝਟਕਾ ਲੱਗਾ ਹੈ। ਮਿਆਮੀ ਦੀ ਸੰਘੀ ਅਦਾਲਤ ਨੇ ਅਖ਼ਬਾਰ ‘ਦਿ ਵਾਲ ਸਟ੍ਰੀਟ ਜਰਨਲ’ (WSJ) ਅਤੇ ਮੀਡੀਆ ਮੁਗਲ ਰੂਪਰਟ ਮਰਡੋਕ ਖ਼ਿਲਾਫ਼ ਦਾਇਰ 10 ਅਰਬ ਡਾਲਰ ਦੇ ਮਾਣਹਾਨੀ ਦੇ ਮੁਕੱਦਮੇ ਨੂੰ ਪੱਕੇ ਤੌਰ ’ਤੇ ਖ਼ਾਰਜ ਕਰ ਦਿੱਤਾ ਹੈ। ਅਮਰੀਕੀ ਜ਼ਿਲ੍ਹਾ ਜੱਜ ਡੈਰਿਨ ਗੇਲਜ਼ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਟਰੰਪ ਸਿਰਫ਼ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਅਦਾਲਤ ਨੇ ਕੇਸ ਨੂੰ ‘ਵਿਦ ਪ੍ਰੈਜੂਡਿਸ’ ਖ਼ਾਰਜ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਇਸੇ ਮਾਮਲੇ ਨੂੰ ਮੁੜ ਦਾਇਰ ਨਹੀਂ ਕੀਤਾ ਜਾ ਸਕੇਗਾ। ਅਦਾਲਤ ਨੇ ਕਿਹਾ ਕਿ ਟਰੰਪ ਇਹ ਸਾਬਤ ਕਰਨ ਵਿੱਚ ਅਸਫ਼ਲ ਰਹੇ ਹਨ ਕਿ ਅਖ਼ਬਾਰ ਨੇ ਰਿਪੋਰਟ ਕਿਸੇ ਅਸਲ ਬਦਨੀਤੀ ਜਾਂ ਜਾਣਬੁੱਝ ਕੇ ਝੂਠ ਪ੍ਰਕਾਸ਼ਿਤ ਕਰਨ ਦੇ ਇਰਾਦੇ ਨਾਲ ਛਾਪੀ ਸੀ। ਜੱਜ ਨੇ ਟਿੱਪਣੀ ਕੀਤੀ ਕਿ ਪਟੀਸ਼ਨ ਰਾਹੀਂ ਅਖ਼ਬਾਰ ਦੀ ਪੜਤਾਲੀਆ ਪੱਤਰਕਾਰੀ ਵਿੱਚ ਜ਼ਬਰਦਸਤੀ ਖ਼ਾਮੀਆਂ ਲੱਭਣ ਅਤੇ ਘੜਨ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਜੱਜ ਗੇਲਜ਼ ਨੇ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਇਹ ਕੇਸ ਖ਼ਾਰਜ ਕਰ ਦਿੱਤਾ ਸੀ, ਪਰ ਟਰੰਪ ਨੂੰ ਸੋਧੀ ਹੋਈ ਸ਼ਿਕਾਇਤ ਦਾਇਰ ਕਰਨ ਦਾ ਮੌਕਾ ਦਿੱਤਾ ਗਿਆ ਸੀ। ਹਾਲਾਂਕਿ, ਨਵੀਂ ਸ਼ਿਕਾਇਤ ਵੀ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਵਿੱਚ ਅਸਫ਼ਲ ਰਹੀ। ਇਹ ਮਾਮਲਾ ‘ਦਿ ਵਾਲ ਸਟ੍ਰੀਟ ਜਰਨਲ’ ਵੱਲੋਂ ਪਿਛਲੇ ਸਾਲ ਪ੍ਰਕਾਸ਼ਿਤ ਇੱਕ ਰਿਪੋਰਟ ਨਾਲ ਜੁੜਿਆ ਹੋਇਆ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਾਲ 2003 ਵਿੱਚ ਜੈਫਰੀ ਐਪਸਟੀਨ ਦੇ 50ਵੇਂ ਜਨਮ ਦਿਨ ਮੌਕੇ ਤਿਆਰ ਕੀਤੇ ਗਏ ਇੱਕ ਐਲਬਮ ਵਿੱਚ ਇਤਰਾਜ਼ਯੋਗ ਪੱਤਰ ਅਤੇ ਚਿੱਤਰ ਸ਼ਾਮਲ ਸਨ, ਜਿਨ੍ਹਾਂ ’ਤੇ ਡੋਨਲਡ ਟਰੰਪ ਦਾ ਨਾਂ ਲਿਖਿਆ ਹੋਇਆ ਸੀ। ਟਰੰਪ ਨੇ ਅਜਿਹਾ ਕੋਈ ਵੀ ਪੱਤਰ ਲਿਖਣ ਤੋਂ ਇਨਕਾਰ ਕਰਦਿਆਂ ਰਿਪੋਰਟ ਨੂੰ ਝੂਠੀ, ਮਨਘੜਤ ਅਤੇ ਬਦਨਾਮ ਕਰਨ ਵਾਲੀ ਕਰਾਰ ਦਿੱਤਾ ਸੀ। ਦੂਜੇ ਪਾਸੇ, ਜੱਜ ਨੇ ਆਪਣੇ ਹੁਕਮ ਵਿੱਚ ਨੋਟ ਕੀਤਾ ਕਿ ਅਖ਼ਬਾਰ ਨੇ ਰਿਪੋਰਟ ਵਿੱਚ ਟਰੰਪ ਦਾ ਪੱਖ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਨਕਾਰ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਇਹ ਫ਼ੈਸਲਾ ਟਰੰਪ ਪ੍ਰਸ਼ਾਸਨ ਲਈ ਵੱਡੀ ਨਮੋਸ਼ੀ ਮੰਨਿਆ ਜਾ ਰਿਹਾ ਹੈ, ਕਿਉਂਕਿ ਆਪਣੇ ਦੂਜੇ ਕਾਰਜਕਾਲ ਦੌਰਾਨ ਟਰੰਪ ਦਾ ਕਈ ਮੀਡੀਆ ਸੰਸਥਾਵਾਂ ਨਾਲ ਟਕਰਾਅ ਰਿਹਾ ਹੈ। ਉਹ ਪਹਿਲਾਂ ਹੀ ਬੀਬੀਸੀ ਅਤੇ ਐਸੋਸੀਏਟਿਡ ਪ੍ਰੈੱਸ ਸਮੇਤ ਕਈ ਮੀਡੀਆ ਅਦਾਰਿਆਂ ਨਾਲ ਕਾਨੂੰਨੀ ਵਿਵਾਦਾਂ ਵਿੱਚ ਘਿਰੇ ਹੋਏ ਹਨ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਵ੍ਹਾਈਟ ਹਾਊਸ ਵੱਲੋਂ ਤੁਰੰਤ ਕੋਈ ਜਨਤਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।
Donald Trump Wall Street Journal Rupert Murdoch Jeffrey Epstein Us Politics Us Court Defamation Lawsuit Media Freedom White House Breaking News