November 13, 2026
ਕੁਲਗਾਮ ਹਮਲੇ ਵਿੱਚ ਲਸ਼ਕਰ ਦੇ ਅਤਿਵਾਦੀ ਲਤੀਫ਼ ਭੱਟ ਦੀ ਸ਼ਮੂਲੀਅਤ ਦਾ ਸ਼ੱਕ, ਜ਼ਖ਼ਮੀ ਜਵਾਨਾਂ ਨੇ ਤਸਵੀਰ ਦੇਖ ਕੇ ਕੀਤੀ ਪਛਾਣ
Prabhsimran Singh / Kulgam
ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਬੀਤੇ ਦਿਨੀਂ ਸੀਆਰਪੀਐਫ (CRPF) ਦੀ ਚੌਕੀ 'ਤੇ ਹੋਏ ਅਤਿਵਾਦੀ ਹਮਲੇ ਦੀ ਜਾਂਚ ਵਿੱਚ ਲਸ਼ਕਰ-ਏ-ਤੋਇਬਾ (LeT) ਦੇ ਅਤਿਵਾਦੀ ਮੁਹੰਮਦ ਲਤੀਫ਼ ਭੱਟ ਦੀ ਸ਼ਮੂਲੀਅਤ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਸੀਆਰਪੀਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 'ਟ੍ਰਿਬਿਊਨ ਸਮੂਹ' ਨੂੰ ਮਿਲੀ ਜਾਣਕਾਰੀ ਅਨੁਸਾਰ, ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੁੱਧਵਾਰ ਨੂੰ ਕੁਲਗਾਮ ਦੇ ਅਖਰਾਨ ਇਲਾਕੇ ਵਿੱਚ ਹੋਏ ਇਸ ਹਮਲੇ ਨੂੰ ਲਤੀਫ਼ ਭੱਟ ਨੇ ਅੰਜਾਮ ਦਿੱਤਾ ਸੀ। ਸੂਤਰਾਂ ਮੁਤਾਬਕ, ਹਮਲੇ ਵਿੱਚ ਜ਼ਖ਼ਮੀ ਹੋਏ ਸੀਆਰਪੀਐਫ ਦੇ ਜਵਾਨਾਂ ਨੂੰ ਲਤੀਫ਼ ਭੱਟ ਦੀ ਤਸਵੀਰ ਦਿਖਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਪਛਾਣ ਹਮਲੇ ਵਿੱਚ ਸ਼ਾਮਲ ਅਤਿਵਾਦੀ ਵਜੋਂ ਕੀਤੀ। ਇਸ ਪਛਾਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਸ ਦੀ ਭਾਲ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 'ਟ੍ਰਿਬਿਊਨ ਸਮੂਹ' ਨੇ ਇਸ ਤੋਂ ਪਹਿਲਾਂ ਵੀ ਰਿਪੋਰਟ ਦਿੱਤੀ ਸੀ ਕਿ ਭੱਟ ਸੁਰੱਖਿਆ ਬਲਾਂ ਦੀ ਨਜ਼ਰ ਹੇਠ ਸੀ ਅਤੇ ਬੁੱਧਵਾਰ ਦੇ ਹਮਲੇ ਵਿੱਚ ਉਸ ਦੀ ਸ਼ਮੂਲੀਅਤ ਦਾ ਸ਼ੱਕ ਜਤਾਇਆ ਜਾ ਰਿਹਾ ਸੀ।ਜਾਣਕਾਰੀ ਅਨੁਸਾਰ, ਇਹ ਹਮਲਾ ਦੁਪਹਿਰ ਕਰੀਬ 2:15 ਵਜੇ ਹੋਇਆ ਸੀ। ਜਦੋਂ ਅਤਿਵਾਦੀ ਸੰਘਣੇ ਦਰੱਖ਼ਤਾਂ ਦੇ ਝੁੰਡ ਵਿੱਚੋਂ ਬਾਹਰ ਆਏ ਅਤੇ ਸੀਆਰਪੀਐਫ ਦੀ ਚੌਕੀ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਚੌਕੀ ਸ੍ਰੀਨਗਰ ਤੋਂ ਲਗਪਗ 75 ਕਿਲੋਮੀਟਰ ਦੂਰ ਸਥਿਤ ਹੈ। ਇਸ ਤੋਂ ਇਲਾਵਾ ਇਹ ਰਣਨੀਤਕ ਤੌਰ 'ਤੇ ਮਹੱਤਵਪੂਰਨ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਤੋਂ ਵੀ ਕਰੀਬ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੈ। ਇੱਕ ਸੀਨੀਅਰ ਅਧਿਕਾਰੀ ਮੁਤਾਬਕ, ਸੀਆਰਪੀਐਫ ਦੇ ਜਵਾਨਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਵਾਨਾਂ ਦੀ ਜਵਾਬੀ ਗੋਲੀਬਾਰੀ ਕਾਰਨ ਲਤੀਫ਼ ਭੱਟ ਨੂੰ ਮੌਕੇ ਤੋਂ ਭੱਜਣਾ ਪਿਆ। ਸੂਤਰਾਂ ਨੇ ਇਹ ਵੀ ਦੱਸਿਆ ਕਿ ਹਮਲੇ ਸਮੇਂ ਭੱਟ ਦੇ ਨਾਲ ਇੱਕ ਹੋਰ ਅਤਿਵਾਦੀ ਵੀ ਮੌਜੂਦ ਹੋਣ ਦਾ ਖ਼ਦਸ਼ਾ ਹੈ। ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।ਇਸੇ ਦੌਰਾਨ ਸੁਰੱਖਿਆ ਏਜੰਸੀਆਂ ਵੱਲੋਂ ਕੁਲਗਾਮ ਵਿੱਚ ਵੱਡੇ ਪੱਧਰ 'ਤੇ ਪੁੱਛਗਿੱਛ ਵੀ ਕੀਤੀ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ ਕਿ ਪੁਲੀਸ ਨੇ ਲਗਪਗ 200 ਓਵਰਗ੍ਰਾਊਂਡ ਵਰਕਰਾਂ (OGWs) ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਲਤੀਫ਼ ਭੱਟ ਨੂੰ ਖ਼ਤਮ ਕਰਨ ਵੱਲ ਕੇਂਦਰਿਤ ਹਨ। ਜਾਂਚ ਏਜੰਸੀਆਂ ਮੁਤਾਬਕ, ਲਤੀਫ਼ ਭੱਟ ਦੱਖਣੀ ਕਸ਼ਮੀਰ ਵਿੱਚ ਪਹਿਲਾਂ ਹੋਏ ਕਈ ਹਮਲਿਆਂ ਵਿੱਚ ਵੀ ਕਥਿਤ ਤੌਰ 'ਤੇ ਸ਼ਾਮਲ ਰਿਹਾ ਹੈ। ਇਨ੍ਹਾਂ ਵਿੱਚ ਜੁਲਾਈ ਮਹੀਨੇ ਅਖਰਾਨ ਪਿੰਡ ਨੇੜੇ ਕੇਲਮ ਇਲਾਕੇ ਵਿੱਚ ਦੋ ਪਰਵਾਸੀ ਮਜ਼ਦੂਰਾਂ 'ਤੇ ਕੀਤਾ ਗਿਆ ਹਮਲਾ ਵੀ ਸ਼ਾਮਲ ਹੈ। ਭੱਟ ਨੂੰ ਇਸ ਸਮੇਂ ਘਾਟੀ ਵਿੱਚ ਸਰਗਰਮ ਬਚੇ ਹੋਏ ਇਕਲੌਤੇ ਅਤਿਵਾਦੀ ਵਜੋਂ ਦੇਖਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਪੁਲੀਸ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਲਤੀਫ਼ ਭੱਟ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਸਰਗਰਮ ਸੀ ਅਤੇ ਉਸ ਨੇ ਕਥਿਤ ਤੌਰ 'ਤੇ ਅਨੰਤਨਾਗ ਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚੀ ਸੀ। ਪੁਲੀਸ ਅਨੁਸਾਰ, ਉਸ ਨੂੰ ਕੁਝ ਵਿਦੇਸ਼ੀ ਅਤਿਵਾਦੀਆਂ ਦਾ ਸਮਰਥਨ ਵੀ ਹਾਸਲ ਸੀ। ਫਿਲਹਾਲ ਸੁਰੱਖਿਆ ਬਲਾਂ ਵੱਲੋਂ ਉਸ ਦੀ ਭਾਲ ਲਈ ਮੁਹਿੰਮ ਜਾਰੀ ਹੈ।
Kulgam Terror Attack Lashkar E Taiba Mohammad Latif Bhat Crpf Jammu Kashmir Terrorism Security Forces Kulgam News Kashmir News Over Ground Workers Anti Terror Operation Akhran Attack