November 20, 2026
ਕੈਨੇਡਾ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ’ਚ ਗੋਲਡੀ ਬਰਾੜ ਪਹਿਲੇ ਨੰਬਰ ’ਤੇ, ਗ੍ਰਿਫ਼ਤਾਰੀ ਲਈ 2.5 ਲੱਖ ਡਾਲਰ ਦਾ ਇਨਾਮ
Prabhsimran Singh / Canada
ਕੈਨੇਡਾ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਨਵੀਂ ਸੂਚੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਿਤ ਗੋਲਡੀ ਬਰਾੜ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਵਿਨੀਪੈੱਗ ਵਿੱਚ 2023 ਦੌਰਾਨ ਹੋਏ ਕਤਲ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦਾ ਹੈ। ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਨੂੰ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਬੋਲੋ (BOLO – Be On the Lookout) ਪ੍ਰੋਗਰਾਮ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਕੈਨੇਡਾ ਭਰ ਦੇ ਗੰਭੀਰ ਅਪਰਾਧਾਂ ਵਿੱਚ ਲੋੜੀਂਦੇ ਮੁਲਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੇ ਗਏ ਮਨੁੱਖੀ ਚਿਹਰਿਆਂ ਵਰਗੇ ਡਿਜੀਟਲ ਮਾਡਲ ਅਤੇ ਵੀਡੀਓ ਵੀ ਜਾਰੀ ਕੀਤੇ ਗਏ ਹਨ, ਤਾਂ ਜੋ ਲੋਕਾਂ ਤੱਕ ਉਨ੍ਹਾਂ ਦੀ ਪਛਾਣ ਸਬੰਧੀ ਜਾਣਕਾਰੀ ਪਹੁੰਚਾਈ ਜਾ ਸਕੇ।ਵਿਨੀਪੈੱਗ ਪੁਲੀਸ ਅਨੁਸਾਰ 20 ਸਤੰਬਰ 2023 ਨੂੰ ਸ਼ਹਿਰ ਦੇ ਕੈਸਲਬਰੀ ਮੀਡੋਜ਼ ਇਲਾਕੇ ਵਿੱਚ ਗੋਲ਼ੀਬਾਰੀ ਹੋਈ ਸੀ, ਜਿਸ ਦੌਰਾਨ 39 ਸਾਲਾ ਸੁਖਦੂਲ ਸਿੰਘ ਗਿੱਲ ਦੀ ਮੌਤ ਹੋ ਗਈ ਸੀ। ਇਸ ਕਤਲ ਦੀ ਜਾਂਚ ਲਈ ਪੁਲੀਸ ਵੱਲੋਂ ‘ਪ੍ਰੋਜੈਕਟ ਕ੍ਰੇਟ’ ਸ਼ੁਰੂ ਕੀਤਾ ਗਿਆ ਸੀ। ਜਾਂਚ ਦੌਰਾਨ ਗੋਲਡੀ ਬਰਾੜ ਅਤੇ ਉਸ ਦੇ ਕਥਿਤ ਸਾਥੀ 26 ਸਾਲਾ ਕਰਨਬੀਰ ਸਿੰਘ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ। ਦੋਵੇਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।ਵਿਨੀਪੈੱਗ ਪੁਲੀਸ ਦੇ ਡਿਪਟੀ ਚੀਫ਼ ਕੈਮ ਮੈਕਕਿਡ ਨੇ ਗੋਲਡੀ ਬਰਾੜ ਨੂੰ ਬੇਹੱਦ ਖ਼ਤਰਨਾਕ ਵਿਅਕਤੀ ਦੱਸਿਆ। ਉਨ੍ਹਾਂ ਕਿਹਾ ਕਿ ਉਸ ਨਾਲ ਜੁੜੇ ਕਥਿਤ ਅਪਰਾਧਾਂ ਦਾ ਪ੍ਰਭਾਵ ਸਿਰਫ਼ ਇੱਕ ਸ਼ਹਿਰ ਜਾਂ ਦੇਸ਼ ਤੱਕ ਸੀਮਤ ਨਹੀਂ ਹੈ। ਪੁਲੀਸ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਗੋਲਡੀ ਬਰਾੜ ਨੂੰ ਖ਼ੁਦ ਫੜਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਹੈ।ਗੋਲਡੀ ਬਰਾੜ ਨੂੰ ਸਤੰਬਰ 2026 ਵਿੱਚ ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਵੱਲੋਂ ਵੀ ਆਪਣੇ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਅਮਰੀਕਾ ਵਿੱਚ ਉਸ ਖ਼ਿਲਾਫ਼ ਰੈਕਟੀਅਰਿੰਗ, ਜਬਰੀ ਵਸੂਲੀ ਅਤੇ ਨਸ਼ਿਆਂ ਦੀ ਤਸਕਰੀ ਨਾਲ ਸਬੰਧਿਤ ਦੋਸ਼ ਹਨ। ਉਸ ਦੀ ਗ੍ਰਿਫ਼ਤਾਰੀ ਲਈ 10 ਲੱਖ ਅਮਰੀਕੀ ਡਾਲਰ ਤੱਕ ਦਾ ਇਨਾਮ ਐਲਾਨਿਆ ਗਿਆ ਹੈ। ਭਾਰਤ ਵਿੱਚ ਵੀ ਗੋਲਡੀ ਬਰਾੜ ਕਤਲ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ 2025 ਵਿੱਚ ਲਾਰੈਂਸ ਬਿਸ਼ਨੋਈ ਗਰੋਹ ਨੂੰ ਅਤਿਵਾਦੀ ਇਕਾਈ ਵਜੋਂ ਸੂਚੀਬੱਧ ਕੀਤਾ ਸੀ।ਗੋਲਡੀ ਬਰਾੜ ਤੋਂ ਇਲਾਵਾ ਇਸ ਸੂਚੀ ਵਿੱਚ ਮਨਪ੍ਰੀਤ ਸਿੰਘ ਨੂੰ ਅੱਠਵਾਂ ਅਤੇ ਗੁਰਕੀਰਤ ਸਿੰਘ ਨੂੰ 23ਵਾਂ ਸਥਾਨ ਦਿੱਤਾ ਗਿਆ ਹੈ। ਮਨਪ੍ਰੀਤ ਸਿੰਘ ਬਰੈਂਪਟਨ ਵਿੱਚ 2025 ਦੌਰਾਨ ਹੋਈ ਗੋਲ਼ੀਬਾਰੀ ਅਤੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ, ਜਦਕਿ ਗੁਰਕੀਰਤ ਸਿੰਘ ਬ੍ਰਿਟਿਸ਼ ਕੋਲੰਬੀਆ ਵਿੱਚ ਨਾਬਾਲਗ ਨਾਲ ਜਿਨਸੀ ਦਖ਼ਲਅੰਦਾਜ਼ੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਸੂਚੀ ਵਿੱਚ ਵਿਨੀਪੈੱਗ ਦੇ ਪੌਲ ਬੋਨਿਕ ਨੂੰ 11ਵਾਂ ਅਤੇ ਯੂਸਫ਼ ਅਬਦੁਲਕਾਦਿਰ ਅਲੀ ਨੂੰ 22ਵਾਂ ਸਥਾਨ ਦਿੱਤਾ ਗਿਆ ਹੈ। ਪੌਲ ਬੋਨਿਕ 2025 ਵਿੱਚ ਰਾਲਫ਼ ਮੋਇਜ਼ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦਾ ਹੈ, ਜਦਕਿ ਯੂਸਫ਼ ਅਬਦੁਲਕਾਦਿਰ ਅਲੀ 2021 ਵਿੱਚ ਹੋਈ ਗੋਲ਼ੀਬਾਰੀ ਦੇ ਮਾਮਲੇ ਵਿੱਚ ਪੁਲੀਸ ਦੀ ਭਾਲ ਵਿੱਚ ਹੈ।ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੈਂਗਲੋਆ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਵਧਣ ਕਾਰਨ ਭਗੌੜਿਆਂ ਲਈ ਲੁਕ ਕੇ ਰਹਿਣਾ ਹੁਣ ਹੋਰ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਮੁਲਜ਼ਮ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲੀਸ ਨਾਲ ਸੰਪਰਕ ਕੀਤਾ ਜਾਵੇ, ਨਾ ਕਿ ਖ਼ੁਦ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ।
Goldy Brar Canada Most Wanted Bolo Program Lawrence Bishnoi Gang Winnipeg Murder Case Canada Police Fbi Most Wanted Fugitive List Punjabi News Crime News International Crime Artificial Intelligence