November 24, 2026
ਉੱਤਰ ਪ੍ਰਦੇਸ਼ 'ਚ ਭਿਆਨਕ ਸੜਕ ਹਾਦਸਾ: ਸਕੂਲ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 4 ਬੱਚਿਆਂ ਦੀ ਮੌਤ, 32 ਜ਼ਖ਼ਮੀ
Prabhsimran Singh / Uttar Pradesh
ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਥੇ ਸੜਕ ਕਿਨਾਰੇ ਖੜ੍ਹੀ ਇੱਕ ਸਕੂਲ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਚਾਰ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 24 ਵਿਦਿਆਰਥੀਆਂ ਅਤੇ ਸਕੂਲ ਦੇ ਅੱਠ ਕਰਮਚਾਰੀਆਂ ਸਮੇਤ ਕੁੱਲ 32 ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਨੁਸਾਰ ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 6 ਵਜੇ ਥਾਣਾ ਠਠੀਆ ਖੇਤਰ ਵਿੱਚ ਵਾਪਰਿਆ। ਕੌਸ਼ਾਂਬੀ ਸਥਿਤ ਓਰੀਐਂਟਲ ਪਬਲਿਕ ਸਕੂਲ ਦੀ ਬੱਸ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਰੁਕੀ ਹੋਈ ਸੀ। ਬੱਸ ਵਿੱਚ ਸਵਾਰ ਬੱਚੇ ਪਖਾਨੇ ਦੀ ਵਰਤੋਂ ਕਰਨ ਲਈ ਉਤਰੇ ਹੋਏ ਸਨ, ਜਿਸ ਕਾਰਨ ਬੱਸ ਸੜਕ 'ਤੇ ਖੜ੍ਹੀ ਸੀ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।ਪੁਲੀਸ ਸੁਪਰਡੈਂਟ ਵਿਨੋਦ ਕੁਮਾਰ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ ਕੁੱਲ 50 ਲੋਕ ਸਵਾਰ ਸਨ। ਇਨ੍ਹਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਸਨ, ਜੋ ਆਗਰਾ ਵਿੱਚ ਤਾਜ ਮਹਿਲ ਦੇਖਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੁਲਾਜ਼ਮਾਂ, ਉੱਤਰ ਪ੍ਰਦੇਸ਼ ਐਕਸਪ੍ਰੈਸਵੇਅ ਉਦਯੋਗਿਕ ਵਿਕਾਸ ਅਥਾਰਟੀ (UPEIDA) ਦੇ ਕਰਮਚਾਰੀਆਂ ਅਤੇ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਨੁਕਸਾਨੀ ਗਈ ਬੱਸ ਵਿੱਚੋਂ ਬੱਚਿਆਂ ਅਤੇ ਹੋਰ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸਾਂ ਰਾਹੀਂ ਮੈਡੀਕਲ ਕਾਲਜ ਪਹੁੰਚਾਇਆ। ਉੱਥੇ ਡਾਕਟਰਾਂ ਨੇ ਚਾਰ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮ੍ਰਿਤਕ ਬੱਚਿਆਂ ਦੀ ਪਛਾਣ ਪ੍ਰੇਮ ਕੁਮਾਰ ਚੌਰਸੀਆ ਦੇ ਪੁੱਤਰ ਆਰੀਅਨ ਚੌਰਸੀਆ (14), ਸ਼ਮੀਉੱਲ੍ਹਾ ਦੇ ਪੁੱਤਰ ਰਜ਼ੀਉੱਲ੍ਹਾ (16) ਅਤੇ ਰਿਆਜ਼ ਅਹਿਮਦ ਦੇ ਪੁੱਤਰਾਂ ਅਰਮਾਨ (17) ਤੇ ਜ਼ੈਦ ਮਿਰਜ਼ਾ (17) ਵਜੋਂ ਕੀਤੀ ਹੈ।ਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਸਕੂਲ ਮੈਨੇਜਰ ਸਲਮਾਨ ਅਤੇ ਇੱਕ ਹੋਰ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵਾਂ ਨੂੰ ਬਿਹਤਰ ਇਲਾਜ ਲਈ ਕਾਨਪੁਰ ਰੈਫਰ ਕੀਤਾ ਗਿਆ ਹੈ, ਜਦਕਿ ਬਾਕੀ ਜ਼ਖ਼ਮੀ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦਾ ਇਲਾਜ ਮੈਡੀਕਲ ਕਾਲਜ ਵਿੱਚ ਜਾਰੀ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਮੈਜਿਸਟ੍ਰੇਟ ਆਸ਼ੂਤੋਸ਼ ਮੋਹਨ ਅਗਨੀਹੋਤਰੀ ਅਤੇ ਪੁਲੀਸ ਸੁਪਰਡੈਂਟ ਵਿਨੋਦ ਕੁਮਾਰ ਵੀ ਮੈਡੀਕਲ ਕਾਲਜ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ। ਪੁਲੀਸ ਮੁਤਾਬਕ ਹਾਦਸੇ ਵਿੱਚ ਸੁਰੱਖਿਅਤ ਬਚੇ ਵਿਦਿਆਰਥੀਆਂ ਨੂੰ ਦੂਜੀ ਬੱਸ ਰਾਹੀਂ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਾਰੀ ਹੈ।
Uttar Pradesh Kannauj Road Accident School Bus Accident Lucknow Agra Expressway Four Students Killed 32 Injured Truck Collision School Students Road Accident News