October 3, 2026
ਸੰਸਦੀ ਸਟੈਂਡਿੰਗ ਕਮੇਟੀਆਂ ਦਾ ਪੁਨਰਗਠਨ, ਚੰਨੀ ਤੇ ਥਰੂਰ ਨੂੰ ਮੁੜ ਵੱਡੀ ਜ਼ਿੰਮੇਵਾਰੀ
Prabhsimran Singh / Delhi
ਸੰਸਦ ਦੀਆਂ ਅਹਿਮ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦੌਰਾਨ ਕਾਂਗਰਸ ਦੇ ਪ੍ਰਮੁੱਖ ਆਗੂਆਂ ਨੂੰ ਮੁੜ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਖੇਤੀਬਾੜੀ ਬਾਰੇ ਸੰਸਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਹਾਊਸ ਨਾਲ ਸਬੰਧਤ ਸੰਸਦੀ ਸਟੈਂਡਿੰਗ ਕਮੇਟੀਆਂ ਦੇ ਪੁਨਰਗਠਨ ਦਾ ਐਲਾਨ ਕੀਤਾ। ਤਿਰੂਵਨੰਤਪੁਰਮ ਤੋਂ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦਾ ਪ੍ਰਧਾਨ ਬਣਾਏ ਰੱਖਿਆ ਗਿਆ ਹੈ, ਜਦਕਿ ਮੁਕੁਲ ਵਾਸਨਿਕ ਔਰਤਾਂ, ਬੱਚਿਆਂ ਅਤੇ ਸਿੱਖਿਆ ਬਾਰੇ ਕਮੇਟੀ ਦੇ ਮੁਖੀ ਬਣੇ ਰਹਿਣਗੇ। ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਵਿਦੇਸ਼ੀ ਮਾਮਲਿਆਂ ਦੀ ਕਮੇਟੀ ਅਤੇ ਸਵਾਤੀ ਮਾਲੀਵਾਲ ਨੂੰ ਸਿੱਖਿਆ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਨੂੰ ਡੋਲਾ ਸੇਨ ਦੀ ਥਾਂ ਵਪਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਟੀਐੱਮਸੀ ਦੀ ਕਾਕੋਲੀ ਘੋਸ਼ ਨੂੰ ਕੀਰਤੀ ਆਜ਼ਾਦ ਦੀ ਥਾਂ ਰਸਾਇਣ ਅਤੇ ਖਾਦ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਡੀਐੱਮਕੇ ਦੇ ਤਿਰੂਚੀ ਸਿਵਾ ਅਤੇ ਕੇ. ਕਨੀਮੋਝੀ ਵੀ ਦੋ ਵੱਖ-ਵੱਖ ਕਮੇਟੀਆਂ ਦੀ ਅਗਵਾਈ ਕਰਨਗੇ। ਐੱਨਡੀਏ ਅਤੇ ਭਾਜਪਾ ਆਗੂਆਂ ਨੂੰ ਵੀ ਕਈ ਅਹਿਮ ਕਮੇਟੀਆਂ ਦੀ ਅਗਵਾਈ ਮਿਲੀ ਹੈ। ਰੱਖਿਆ ਕਮੇਟੀ ਦੀ ਕਮਾਨ ਰਾਧਾ ਮੋਹਨ ਸਿੰਘ, ਗ੍ਰਹਿ ਮਾਮਲਿਆਂ ਦੀ ਰਾਧਾ ਮੋਹਨ ਦਾਸ ਅਗਰਵਾਲ, ਆਈਟੀ ਦੀ ਨਿਸ਼ੀਕਾਂਤ ਦੁਬੇ, ਕੋਲਾ ਤੇ ਖਾਣਾਂ ਦੀ ਅਨੁਰਾਗ ਠਾਕੁਰ ਅਤੇ ਜਲ ਸਰੋਤ ਕਮੇਟੀ ਦੀ ਅਗਵਾਈ ਰਾਜੀਵ ਪ੍ਰਤਾਪ ਰੂਡੀ ਕਰਨਗੇ
Parliament News Charanjit Singh Channi Shashi Tharoor Congress News Punjab News Standing Committees Parliament Committee Raghav Chadha Bjp News Nda News Indian Politics