October 7, 2026
ਹਿਰਾਸਤ ਮਗਰੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਰਿਹਾਅ, 8 ਘੰਟਿਆਂ ਤੱਕ ਚੱਲਿਆ ਧਰਨਾ
Prabhsimran Singh / Delhi
ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (SIR) ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਹੋਰਨਾਂ ਨੂੰ ਦਿੱਲੀ ਪੁਲੀਸ ਨੇ ਮੰਗਲਵਾਰ ਰਾਤ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕਰ ਦਿੱਤਾ। ਕਾਂਗਰਸ ਮੁਤਾਬਕ ਰਾਤ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਆਗੂਆਂ ਨੂੰ ਛੱਡਿਆ ਗਿਆ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਵਿਰੋਧੀ ਧਿਰ ਦੇ ਆਗੂ ਅਕਾਸ਼ਵਾਣੀ ਭਵਨ ਦੇ ਅਹਾਤੇ ਵਿੱਚ 8 ਘੰਟਿਆਂ ਤੋਂ ਵੱਧ ਸਮੇਂ ਤੱਕ ਧਰਨੇ ’ਤੇ ਬੈਠੇ ਰਹੇ। ਉਹ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕਰਨ ਅਤੇ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਸਨ। ਪੁਲੀਸ ਨੇ ਕਰੀਬ ਰਾਤ 8 ਵਜੇ ਧਰਨਾਕਾਰੀਆਂ ਨੂੰ ਉਥੋਂ ਹਟਾਇਆ ਅਤੇ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੂੰ ਕਿੰਗਜ਼ਵੇਅ ਕੈਂਪ ਸਥਿਤ ਨਿਊ ਪੁਲੀਸ ਲਾਈਨ ਲਿਜਾਇਆ। ਇਸ ਤੋਂ ਪਹਿਲਾਂ ਸੰਸਦ ਤੋਂ ਚੋਣ ਕਮਿਸ਼ਨ ਵੱਲ ਕੱਢੇ ਮਾਰਚ ਨੂੰ ਅਕਾਸ਼ਵਾਣੀ ਭਵਨ ਨੇੜੇ ਰੋਕਿਆ ਗਿਆ ਸੀ। ਇਸ ਦੌਰਾਨ ਅਖਿਲੇਸ਼ ਯਾਦਵ, ਅਭਿਸ਼ੇਕ ਬੈਨਰਜੀ ਅਤੇ ਡੈਰੇਕ ਓ'ਬ੍ਰਾਇਨ ਸਮੇਤ ਕਈ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਵਿਰੋਧੀ ਧਿਰ SIR ਨੂੰ ਵਾਪਸ ਲੈਣ, ਕਥਿਤ ‘ਵੋਟ ਚੋਰੀ’ ਦੇ ਮੁੱਦੇ ’ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਉਧਰ, ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਮ 4 ਵਜੇ ਤੱਕ ਕਿਸੇ ਸਿਆਸੀ ਪਾਰਟੀ ਵੱਲੋਂ ਮੁਲਾਕਾਤ ਲਈ ਰਸਮੀ ਬੇਨਤੀ ਨਹੀਂ ਮਿਲੀ ਸੀ।
Rahul Gandhi Priyanka Gandhi Delhi Police Election Commission Gyanesh Kumar Sir Vote Chori Congress India Alliance Delhi Protest Indian Politics