October 17, 2026
ਧਰੁਵ ਰਾਠੀ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ, 31 ਅਕਤੂਬਰ ਨੂੰ ਅਗਲੀ ਸੁਣਵਾਈ
Prabhsimran Singh / Delhi
ਦਿੱਲੀ ਦੀ ਇੱਕ ਅਦਾਲਤ ਨੇ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ 2018 ਦੇ ਮਾਣਹਾਨੀ ਮਾਮਲੇ ਵਿੱਚ ਸ਼ਨਿੱਚਰਵਾਰ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਸੰਮਨ ਤਾਮੀਲ ਕਰਵਾਉਣ ਗਏ ਅਦਾਲਤੀ ਕਰਮਚਾਰੀ ਨੇ ਰਿਪੋਰਟ ਦਿੱਤੀ ਕਿ ਰਾਠੀ ਦਾ ਘਰ ਬੰਦ ਸੀ ਅਤੇ ਸੰਮਨ ਤਾਮੀਲ ਨਹੀਂ ਕਰਵਾਏ ਜਾ ਸਕੇ। ਨਿਆਂਇਕ ਮੈਜਿਸਟਰੇਟ ਰਾਹੁਲ ਜੈਨ ਨੇ ਭਾਜਪਾ ਦੇ ਆਈਟੀ ਸੈੱਲ ਦੇ ਮੈਂਬਰ ਵਿਕਾਸ ਪਾਂਡੇ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਇਹ ਵਾਰੰਟ ਜਾਰੀ ਕੀਤੇ ਹਨ। ਪਾਂਡੇ ਨੇ ਦੋਸ਼ ਲਾਇਆ ਸੀ ਕਿ ਧਰੁਵ ਰਾਠੀ ਨੇ ਆਪਣੇ ਯੂਟਿਊਬ ਚੈਨਲ ’ਤੇ ਇੱਕ ਵੀਡੀਓ ਪਾ ਕੇ ਉਨ੍ਹਾਂ ਦੀ ਮਾਣਹਾਨੀ ਕੀਤੀ ਸੀ। ਅਦਾਲਤ ਦੇ ਵਿਸਥਾਰਤ ਹੁਕਮ ਦੀ ਉਡੀਕ ਹੈ। ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ। ਇਹ ਕਾਰਵਾਈ 12 ਅਕਤੂਬਰ ਨੂੰ ਅਦਾਲਤ ਵੱਲੋਂ ਧਰੁਵ ਰਾਠੀ ਨੂੰ ਨਵੇਂ ਸੰਮਨ ਜਾਰੀ ਕਰਨ ਦੇ ਕੁਝ ਦਿਨਾਂ ਬਾਅਦ ਹੋਈ ਹੈ। ਉਸ ਸਮੇਂ ਅਦਾਲਤ ਨੇ ਕਿਹਾ ਸੀ ਕਿ ਸ਼ਿਕਾਇਤਕਰਤਾ ਕਈ ਸਾਲਾਂ ਤੋਂ ਰਾਠੀ ਤੱਕ ਸੰਮਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਦਾਲਤ ਨੇ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਨਵੇਂ ਸੰਮਨ ਭੇਜਣ ਦੇ ਨਿਰਦੇਸ਼ ਦਿੱਤੇ ਸਨ। ਵਿਕਾਸ ਪਾਂਡੇ ਵੱਲੋਂ ਪੇਸ਼ ਹੋਏ ਵਕੀਲ ਸਮਕਸ਼ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਧਰੁਵ ਰਾਠੀ ਆਮ ਤੌਰ ’ਤੇ ਆਸਟਰੀਆ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਅਨੁਸਾਰ, ਰਾਠੀ ਦਿੱਲੀ ਵਿੱਚ ‘ਕੌਕਰੋਚ ਜਨਤਾ ਪਾਰਟੀ’ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਇਸ ਮਾਮਲੇ ਵਿੱਚ ਧਰੁਵ ਰਾਠੀ ਨੂੰ ਪਹਿਲੀ ਵਾਰ ਜੁਲਾਈ 2019 ਵਿੱਚ ਸੰਮਨ ਜਾਰੀ ਕੀਤੇ ਗਏ ਸਨ। ਹੁਣ ਅਦਾਲਤ ਵੱਲੋਂ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ 31 ਅਕਤੂਬਰ ਨੂੰ ਹੋਵੇਗੀ।
Dhruv Rathee Vikas Pandey Defamation Case Bailable Warrant Delhi Court Rahul Jain Bjp It Cell Youtube Legal News India News