October 17, 2026
Cjp ਦੇ ਸੰਸਥਾਪਕ ਅਭਿਜੀਤ ਦੀਪਕੇ ਅਦਾਲਤ ਵਿੱਚ ਪੇਸ਼, ਦਿੱਲੀ ਪੁਲੀਸ ਨੇ ਦੇਰ ਰਾਤ ਕੀਤਾ ਸੀ ਗ੍ਰਿਫ਼ਤਾਰ
Prabhsimran Singh / Delhi
ਕੌਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਸ਼ੁੱਕਰਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਕਨਾਟ ਪਲੇਸ ਵਿਖੇ ਪ੍ਰਸਤਾਵਿਤ ‘ਲਹਿਰਾ ਦੋ ਤਿਰੰਗਾ’ ਰੈਲੀ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ ਸੀ। ਉਨ੍ਹਾਂ ਦੀ ਕਾਨੂੰਨੀ ਟੀਮ ਮੰਦਰ ਮਾਰਗ ਪੁਲੀਸ ਥਾਣੇ ਪਹੁੰਚ ਗਈ ਹੈ। ਪਿਛਲੇ ਅੱਠ ਦਿਨਾਂ ਵਿੱਚ ਅਭਿਜੀਤ ਦੀਪਕੇ ਖ਼ਿਲਾਫ਼ ਇਹ ਦੂਜੀ ਪੁਲੀਸ ਕਾਰਵਾਈ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਹਾਲਾਂਕਿ, ਅਗਲੇ ਦਿਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਇਸੇ ਮਾਮਲੇ ਵਿੱਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਮੁਖੀ ਨੇਹਾ ਬੋਹਰਾ ਸਮੇਤ ਕਰੀਬ 150 ਲੋਕਾਂ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਦਿੱਲੀ ਪੁਲੀਸ ਨੇ ਸ਼ਨਿਚਰਵਾਰ ਸਵੇਰੇ ਕਰੀਬ 5 ਵਜੇ ਨੇਹਾ ਬੋਹਰਾ ਨੂੰ ਰਿਹਾਅ ਕਰ ਦਿੱਤਾ। ਅਭਿਜੀਤ ਦੀਪਕੇ ਅਤੇ ਨੇਹਾ ਬੋਹਰਾ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ, ਜਦੋਂ ਉਹ ਕਨਾਟ ਪਲੇਸ ਵਿਖੇ ‘ਲਹਿਰਾ ਦੋ ਤਿਰੰਗਾ’ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਦੀਪਕੇ ਨੂੰ ਝੰਡੇਵਾਲਾਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ, ਜਦਕਿ ਨੇਹਾ ਬੋਹਰਾ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿੱਚ ਲਿਆ ਗਿਆ। ਦੋਵੇਂ ਥਾਵਾਂ ਮੱਧ ਦਿੱਲੀ ਵਿੱਚ ਸਥਿਤ ਹਨ। ਦੋਵਾਂ ਨੂੰ ਹਿਰਾਸਤ ਵਿੱਚ ਲਏ ਜਾਣ ਸਮੇਂ ਮੌਕੇ ’ਤੇ ਭੀੜ, ਕੈਮਰਾ ਕਰੂ ਅਤੇ ਸੁਰੱਖਿਆ ਕਰਮਚਾਰੀਆਂ ਦੀ ਵੱਡੀ ਗਿਣਤੀ ਮੌਜੂਦ ਸੀ। ਇਸ ਦੌਰਾਨ ਧੱਕਾ-ਮੁੱਕੀ ਕਾਰਨ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਪੁਲੀਸ ਦੇ 20 ਤੋਂ ਵੱਧ ਮੁਲਾਜ਼ਮ ਝੰਡੇਵਾਲਾਨ ਵਿਖੇ ਅਭਿਜੀਤ ਦੀਪਕੇ ਦੀ ਰਿਹਾਇਸ਼ ’ਤੇ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਇੱਕ ਨੋਟਿਸ ਸੌਂਪਿਆ ਸੀ। ਨੋਟਿਸ ਵਿੱਚ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਸੀ, ਜਿਸ ਨਾਲ ਆਮ ਨਾਗਰਿਕਾਂ, ਵਪਾਰੀਆਂ, ਰਾਹਗੀਰਾਂ, ਮਰੀਜ਼ਾਂ ਅਤੇ ਹੋਰ ਲੋਕਾਂ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ ਜਾਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਇਹ ਕਾਰਵਾਈ ਸ਼ੁੱਕਰਵਾਰ ਸ਼ਾਮ ਨੂੰ ਹੋਣ ਵਾਲੇ ਪ੍ਰਦਰਸ਼ਨ ਤੋਂ ਪਹਿਲਾਂ ਕੌਮੀ ਰਾਜਧਾਨੀ ਵਿੱਚ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਹੋਈ।
Delhi Police Abhijeet Deepke Cockroach Janata Party Cjp Neha Bohra Aisa All India Students Association Lahira Do Tiranga Rally Delhi News Connaught Place Jhandewalan Mandi House Arrest Court Appearance Delhi Protest