November 20, 2026
ਅਮਰੀਕਾ ਦੇ ਕੈਲੀਫੋਰਨੀਆ 'ਚ 5.1 ਤੀਬਰਤਾ ਦਾ ਭੂਚਾਲ, ਮੌਂਟੇਰੀ ਕਾਊਂਟੀ ਨੇੜੇ ਮਹਿਸੂਸ ਹੋਏ ਝਟਕੇ
Prabhsimran Singh / United State
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਮੌਂਟੇਰੀ ਕਾਊਂਟੀ ਨੇੜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.1 ਮਾਪੀ ਗਈ। ਹਾਲਾਂਕਿ, ਸ਼ੁਰੂਆਤੀ ਰਿਪੋਰਟ ਵਿੱਚ ਭੂਚਾਲ ਦੀ ਤੀਬਰਤਾ 5.4 ਦੱਸੀ ਗਈ ਸੀ, ਜਿਸ ਨੂੰ ਬਾਅਦ ਵਿੱਚ ਸੋਧ ਕੇ 5.1 ਕਰ ਦਿੱਤਾ ਗਿਆ। USGS ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਮੌਂਟੇਰੀ ਕਾਊਂਟੀ ਦੇ ਸੋਲੇਡਾਡ ਸ਼ਹਿਰ ਨੇੜੇ ਸੀ। ਇਹ ਸੋਲੇਡਾਡ ਤੋਂ ਲਗਭਗ 20 ਕਿਲੋਮੀਟਰ ਅਤੇ ਸੈਲੀਨਸ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਦੂਰ ਸਥਿਤ ਸੀ। ਭੂਚਾਲ ਧਰਤੀ ਦੀ ਸਤਹਿ ਤੋਂ ਲਗਭਗ 6.7 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਭੂਚਾਲ ਦੇ ਝਟਕਿਆਂ ਕਾਰਨ ਇਲਾਕੇ ਵਿੱਚ ਲੋਕਾਂ ਨੇ ਕੰਬਣੀ ਮਹਿਸੂਸ ਕੀਤੀ। USGS ਮੁਤਾਬਕ ਸੈਲੀਨਸ ਸ਼ਹਿਰ ਦੀ ਆਬਾਦੀ ਲਗਭਗ 1.57 ਲੱਖ ਹੈ। ਹਾਲਾਂਕਿ, ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ, ਇਮਾਰਤਾਂ ਦੇ ਢਹਿਣ ਜਾਂ ਲੋਕਾਂ ਦੇ ਜ਼ਖ਼ਮੀ ਹੋਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
California Earthquake Monterey County Earthquake 5 1 Usgs Soledad Salinas United States News Earthquake Update Natural Disaster