November 27, 2026
17 ਸਾਲਾ ਭਾਰਤੀ ‘ਏ.ਆਈ. ਕਿਡ’ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, 9 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਸੀ ਸਫ਼ਰ
Prabhsimran Singh / Russia
ਕੇਰਲ ਦੇ 17 ਸਾਲਾ ਨੌਜਵਾਨ ਰਾਊਲ ਜੌਹਨ ਅਜੂ ਨੇ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੋਈ ‘ਏ.ਆਈ. ਜਰਨੀ 2026’ ਕਾਨਫਰੰਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਕੇ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਮਾਣ ਵਧਾਇਆ ਹੈ। ‘ਭਾਰਤ ਦੇ ਏ.ਆਈ. ਕਿਡ’ ਵਜੋਂ ਜਾਣੇ ਜਾਂਦੇ ਅਜੂ ਲਈ ਇਹ ਮੁਕਾਮ ਹਾਸਲ ਕਰਨਾ ਉਨ੍ਹਾਂ ਦੇ ਲੰਬੇ ਸਫ਼ਰ ਦੀ ਇੱਕ ਵੱਡੀ ਪ੍ਰਾਪਤੀ ਹੈ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਮਹਿਜ਼ 9 ਸਾਲ ਦੀ ਉਮਰ ਵਿੱਚ ਵੀਡੀਓ ਬਣਾਉਣ ਦੇ ਸ਼ੌਕ ਨਾਲ ਆਪਣੀ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਅਜੂ ਨੇ ਇੰਸਟਾਗ੍ਰਾਮ ’ਤੇ ਰਾਸ਼ਟਰਪਤੀ ਪੁਤਿਨ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਆਪਣੇ ਸਫ਼ਰ ਨੂੰ ਯਾਦ ਕੀਤਾ। ਉਨ੍ਹਾਂ ਲਿਖਿਆ ਕਿ 9 ਸਾਲ ਦੀ ਉਮਰ ਵਿੱਚ ਪਹਿਲੀ ਵੀਡੀਓ ਬਣਾਉਣ ਤੋਂ ਲੈ ਕੇ ਰਾਸ਼ਟਰਪਤੀ ਪੁਤਿਨ ਨਾਲ ਸੈਲਫੀ ਲੈਣ ਤੱਕ ਦਾ ਸਫ਼ਰ ਉਨ੍ਹਾਂ ਦੇ ਸਭ ਤੋਂ ਵੱਡੇ ਸੁਪਨਿਆਂ ਤੋਂ ਵੀ ਪਰੇ ਹੈ। ਉਨ੍ਹਾਂ ਕਿਹਾ ਕਿ ਏ.ਆਈ. ਜਰਨੀ ਕਾਨਫਰੰਸ ਦੌਰਾਨ ਕਈ ਸ਼ਾਨਦਾਰ ਅਤੇ ਆਪਣੇ ਨਾਲੋਂ ਵੱਧ ਗਿਆਨ ਰੱਖਣ ਵਾਲੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਅਜੇ ਸਿੱਖਣ ਲਈ ਬਹੁਤ ਕੁਝ ਬਾਕੀ ਹੈ।ਇਸ ਦੇ ਨਾਲ ਹੀ ਅਜੂ ਨੇ ਆਪਣੇ ਇਸ ਸਫ਼ਰ ਵਿੱਚ ਸਾਥ ਦੇਣ ਵਾਲੀ ਏ.ਆਈ. ਜਰਨੀ ਟੀਮ, ਆਪਣੇ ਮਾਪਿਆਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਹਰ ਕਦਮ ’ਤੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਸਾਥ ਦਿੱਤਾ। ਦੱਸਣਯੋਗ ਹੈ ਕਿ ਅਜੂ ਨੇ ਬਚਪਨ ਵਿੱਚ ਸਿਰਫ਼ ਉਤਸੁਕਤਾ ਅਤੇ ਕੁਝ ਨਵਾਂ ਬਣਾਉਣ ਦੇ ਸ਼ੌਕ ਨਾਲ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸਨ। ਹੌਲੀ-ਹੌਲੀ ਉਨ੍ਹਾਂ ਦੀ ਦਿਲਚਸਪੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵੱਲ ਵਧੀ ਅਤੇ ਉਨ੍ਹਾਂ ਨੇ ਇਸ ਤਕਨਾਲੋਜੀ ਨਾਲ ਵੱਖ-ਵੱਖ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਏ.ਆਈ. ਆਧਾਰਿਤ ਟੂਲਜ਼ ਅਤੇ ਪ੍ਰੋਜੈਕਟ ਵਿਕਸਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਸ ਤਕਨਾਲੋਜੀ ਦੀ ਸਿਖਲਾਈ ਦੇਣ ਦਾ ਕੰਮ ਵੀ ਸ਼ੁਰੂ ਕੀਤਾ।ਗਲਫ਼ ਨਿਊਜ਼ ਦੀ ਰਿਪੋਰਟ ਅਨੁਸਾਰ, ਅਜੂ ਦੇ ਉੱਦਮੀ ਸਫ਼ਰ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨਾਲ ਕੰਮ ਕਰਦੇ ਹਨ ਅਤੇ ਕਥਿਤ ਤੌਰ ’ਤੇ ਇਸ ਕੰਮ ਲਈ ਹਰ ਮਹੀਨੇ 2 ਲੱਖ ਰੁਪਏ ਤਨਖ਼ਾਹ ਲੈਂਦੇ ਹਨ। ਅਜੂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਤਕਨਾਲੋਜੀ ਦੇ ਖੇਤਰ ਵਿੱਚ ਦਿਲਚਸਪੀ ਜਾਰੀ ਰੱਖੀ। ਉਹ ਨੌਰਥ ਐਡਾਪੱਲੀ ਜੀ.ਐੱਚ.ਐੱਸ.ਐੱਸ. ਵਿੱਚ ਪਲੱਸ ਟੂ ਕਾਮਰਸ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ ਏ.ਆਈ.ਰੀਅਲਮ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਰਾਹੀਂ ਆਪਣਾ ਤਕਨਾਲੋਜੀ ਉੱਦਮ ਵੀ ਖੜ੍ਹਾ ਕੀਤਾ। ਰਿਪੋਰਟਾਂ ਅਨੁਸਾਰ, ਇਸ ਨੌਜਵਾਨ ਨਵੀਨਤਾਕਾਰ ਨੇ ਹੁਣ ਤੱਕ ਲਗਪਗ 15 ਏ.ਆਈ. ਟੂਲਜ਼ ਵਿਕਸਤ ਕੀਤੇ ਹਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਕਰੀਬ 5 ਲੱਖ ਲੋਕਾਂ ਨੂੰ ਸਿਖਲਾਈ ਦਿੱਤੀ ਹੈ। ਮਹਿਜ਼ 17 ਸਾਲ ਦੀ ਉਮਰ ਵਿੱਚ ਤਕਨਾਲੋਜੀ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਅਤੇ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ ਤੱਕ ਪਹੁੰਚਣ ਵਾਲਾ ਅਜੂ ਦਾ ਸਫ਼ਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੈ।
Raoul John Aju Ai Kid Of India Vladimir Putin Ai Journey 2026 Artificial Intelligence Kerala India Ai Technology Young Entrepreneur Ai Innovation Technology Startup Russia Moscow