September 16, 2026
ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੀ ਭਾਰਤੀ ਜੰਗੀ ਜਹਾਜ਼ ਨਾਲ ਟੱਕਰ, Mea ਨੇ ਦਰਜ ਕਰਵਾਇਆ ਸਖ਼ਤ ਵਿਰੋ
Prabhsimran Singh / Delhi
ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮੁੰਦਰ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਵਿਦੇਸ਼ ਮੰਤਰਾਲੇ (MEA) ਨੇ ਸਖ਼ਤ ਰੁਖ ਅਖਤਿਆਰ ਕੀਤਾ ਹੈ। ਬੁੱਧਵਾਰ ਨੂੰ MEA ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕਰਕੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਵੱਲੋਂ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਨਾਲ ਟੱਕਰ ਦੀ ਘਟਨਾ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਸੂਤਰਾਂ ਮੁਤਾਬਕ, ਉੱਤਰੀ ਅਰਬ ਸਾਗਰ ਵਿੱਚ ਰੋਜ਼ਾਨਾ ਗਸ਼ਤ ਮਿਸ਼ਨ ’ਤੇ ਤਾਇਨਾਤ ਭਾਰਤੀ ਜੰਗੀ ਜਹਾਜ਼ ਦੇ ਨੇੜੇ ਪਾਕਿਸਤਾਨੀ ਜਲ ਸੈਨਾ ਦਾ ਜਹਾਜ਼ ਤੇਜ਼ ਰਫ਼ਤਾਰ ਨਾਲ ਪਹੁੰਚਿਆ ਅਤੇ ਗੈਰ-ਪੇਸ਼ੇਵਰ ਤੇ ਅਸੁਰੱਖਿਅਤ ਢੰਗ ਨਾਲ ਮੋੜ ਕੱਟਣ ਕਾਰਨ ਦੋਵੇਂ ਜਹਾਜ਼ਾਂ ਦੀ ਟੱਕਰ ਹੋ ਗਈ। ਹਾਲਾਂਕਿ, ਘਟਨਾ ਵਿੱਚ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ। MEA ਨੇ ਕਿਹਾ ਕਿ ਇਹ ਘਟਨਾ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਵਾਪਰੀ। ਭਾਰਤ ਮੁਤਾਬਕ ਪਾਕਿਸਤਾਨੀ ਜਲ ਸੈਨਾ ਦਾ ਇਹ ਰਵੱਈਆ ਅਪ੍ਰੈਲ 1991 ਵਿੱਚ ਹੋਏ ਭਾਰਤ-ਪਾਕਿਸਤਾਨ ਸਮਝੌਤੇ ਦੀ ਧਾਰਾ 10 ਦੀ ਉਲੰਘਣਾ ਹੈ, ਜੋ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਅਭਿਆਸਾਂ, ਹਿਲਜੁਲ ਅਤੇ ਫੌਜੀ ਗਤੀਵਿਧੀਆਂ ਬਾਰੇ ਅਗਾਊਂ ਜਾਣਕਾਰੀ ਨਾਲ ਸਬੰਧਤ ਹੈ। ਪਾਕਿਸਤਾਨੀ ਚਾਰਜ ਡੀ ਅਫੇਅਰਜ਼ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਬੰਧਤ ਅਧਿਕਾਰੀਆਂ ਤੱਕ ਇਹ ਸੁਨੇਹਾ ਪਹੁੰਚਾਉਣ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਫੌਜੀ ਟੁਕੜੀਆਂ ਵੱਲੋਂ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤਿਆਂ ਦਾ ਸਤਿਕਾਰ ਕੀਤਾ ਜਾਵੇ। ਇਸ ਦੇ ਨਾਲ ਹੀ ਇਸਲਾਮਾਬਾਦ ਵਿੱਚ ਭਾਰਤੀ ਚਾਰਜ ਡੀ ਅਫੇਅਰਜ਼ ਨੂੰ ਵੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਕੋਲ ਇਸੇ ਮਾਮਲੇ ’ਤੇ ਸਖ਼ਤ ਵਿਰੋਧ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
India Pakistan Indian Navy Pakistan Navy Arabian Sea Mea Foreign Ministry Diplomatic Protest Pakistan High Commission Naval Collision International Waters India Pakistan Relations Defence News New Delhi Breaking News News Feed News Explore