November 29, 2026
ਹਲਕਾਬੰਦੀ ਬਿੱਲ ’ਤੇ ਸਿਆਸੀ ਹਲਚਲ ਤੇਜ਼: ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਅੱਜ ਸਟਾਲਿਨ ਅਤੇ ਸ਼ਰਦ ਪਵਾਰ ਨਾਲ ਕਰਨਗੇ ਮੁਲਾਕਾਤ
Garima / Delhi
ਹਲਕਾਬੰਦੀ ਨਾਲ ਜੁੜੇ ਕੇਂਦਰ ਸਰਕਾਰ ਦੇ ਸੰਵਿਧਾਨ ਸੋਧ ਬਿੱਲ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬਿੱਲ ਨੂੰ ਹਰਾਉਣ ਲਈ ਵਿਰੋਧੀ ਧਿਰ ਵੱਲੋਂ ਆਪਣੇ ਅੰਕੜੇ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ 'ਇੰਡੀਆ' (INDIA) ਗੱਠਜੋੜ ਦੇ ਹੋਰ ਆਗੂ ਐਤਵਾਰ ਨੂੰ ਚੇਨਈ ਵਿੱਚ ਡੀਐਮਕੇ ਮੁਖੀ ਐਮ.ਕੇ. ਸਟਾਲਿਨ ਅਤੇ ਮੁੰਬਈ ਵਿੱਚ ਐਨਸੀਪੀ (ਐਸਪੀ) ਦੇ ਸੁਪਰੀਮੋ ਸ਼ਰਦ ਪਵਾਰ ਨਾਲ ਮੁਲਾਕਾਤ ਕਰਨਗੇ। ਡੀਐਮਕੇ ਪਹਿਲਾਂ ਹੀ ਸਰਕਾਰ ਦੇ ਪ੍ਰਸਤਾਵਿਤ ਕਾਨੂੰਨ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੀ ਹੈ, ਜਦਕਿ ਸ਼ਰਦ ਪਵਾਰ ਦੀ ਪਾਰਟੀ ਵੱਲੋਂ ਵੀ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਜਿਹੇ ਵਿੱਚ ਵਿਰੋਧੀ ਧਿਰ ਲਈ ਸੰਸਦ ਵਿੱਚ ਬਿੱਲ ਦਾ ਵਿਰੋਧ ਕਰਨ ਵਾਸਤੇ ਲੋੜੀਂਦਾ ਸਮਰਥਨ ਜੁਟਾਉਣਾ ਵੱਡੀ ਚੁਣੌਤੀ ਬਣਿਆ ਹੋਇਆ ਹੈ।ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਰਾਹੁਲ ਗਾਂਧੀ ਨੇ ਬਿੱਲ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਅਤੇ ਆਗੂਆਂ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਸੀ ਕਿ ''ਭਾਰਤੀ ਲੋਕਤੰਤਰ ਦਾ ਕਤਲ ਹੋ ਰਿਹਾ ਹੈ, ਕਿਰਪਾ ਕਰਕੇ ਜਾਗੋ।'' ਉਨ੍ਹਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਕੌਣ ਲੋਕਤੰਤਰ ਦੀ ਰੱਖਿਆ ਕਰ ਰਿਹਾ ਹੈ ਅਤੇ ਕੌਣ ਨਹੀਂ। ਉਨ੍ਹਾਂ ਦਾ ਇਹ ਬਿਆਨ ਡੀਐਮਕੇ ਸਮੇਤ ਕੁਝ ਗੈਰ-'ਇੰਡੀਆ' ਗੱਠਜੋੜ ਪਾਰਟੀਆਂ ਵੱਲੋਂ ਬਿੱਲ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਬਾਅਦ ਆਇਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਜੇਕਰ ਸ਼ਰਦ ਪਵਾਰ ਦੀ ਐਨਸੀਪੀ (ਐਸਪੀ) ਇਸ ਬਿੱਲ ਦਾ ਸਮਰਥਨ ਕਰਦੀ ਹੈ ਤਾਂ ਵੀ 'ਇੰਡੀਆ' ਗੱਠਜੋੜ ਵਿੱਚ ਉਸ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਵੇਗਾ।ਦੱਸਣਯੋਗ ਹੈ ਕਿ ਕੇਂਦਰ ਸਰਕਾਰ ਸੋਮਵਾਰ ਨੂੰ ਲੋਕ ਸਭਾ ਵਿੱਚ ਸੰਵਿਧਾਨ (132ਵੀਂ ਸੋਧ) ਬਿੱਲ, 2026 ਪੇਸ਼ ਕਰਨ ਜਾ ਰਹੀ ਹੈ। ਇਸ ਬਿੱਲ ਦਾ ਉਦੇਸ਼ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਲੋਕ ਸਭਾ ਸੀਟਾਂ ਦੀ ਗਿਣਤੀ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਸੀਟਾਂ ਵਿੱਚ 50 ਫ਼ੀਸਦੀ ਤੱਕ ਵਾਧਾ ਕਰਨਾ ਹੈ। ਇਸ ਦੇ ਨਾਲ ਹੀ ਔਰਤਾਂ ਲਈ ਇੱਕ-ਤਿਹਾਈ ਰਾਖਵਾਂਕਰਨ ਲਾਗੂ ਕਰਨ ਅਤੇ ਨਵੀਂ ਹਲਕਾਬੰਦੀ ਤੋਂ ਬਾਅਦ ਸੀਟਾਂ ਦੀ ਵੰਡ ਤੇ ਹੱਦਾਂ ਨੂੰ ਸਾਲ 2051 ਤੱਕ ਸਥਿਰ ਰੱਖਣ ਦਾ ਪ੍ਰਸਤਾਵ ਵੀ ਸ਼ਾਮਲ ਹੈ।ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਜਿਸ ਤਹਿਤ ਲੋਕ ਸਭਾ ਦੀ ਬੈਠਕ 30 ਨਵੰਬਰ ਨੂੰ ਅਤੇ ਰਾਜ ਸਭਾ ਦੀ ਬੈਠਕ 2 ਦਸੰਬਰ ਨੂੰ ਹੋਵੇਗੀ। ਇਹ ਵਿਸ਼ੇਸ਼ ਬੈਠਕਾਂ 3 ਦਸੰਬਰ ਨੂੰ ਸਮਾਪਤ ਹੋਣਗੀਆਂ। ਪ੍ਰਸਤਾਵਿਤ ਸੰਵਿਧਾਨ ਸੋਧ ਬਿੱਲ ਵਿੱਚ ਲੋਕ ਸਭਾ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ 850 ਕਰਨ ਦੀ ਤਜਵੀਜ਼ ਹੈ। ਇਸ ਵਿੱਚ ਰਾਜਾਂ ਤੋਂ ਵੱਧ ਤੋਂ ਵੱਧ 815 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 35 ਮੈਂਬਰ ਹੋਣਗੇ। ਇਸ ਤੋਂ ਇਲਾਵਾ ਰਾਜ ਵਿਧਾਨ ਸਭਾਵਾਂ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ 500 ਤੋਂ ਵਧਾ ਕੇ 650 ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
Delimitation Bill Constitution Amendment Bill 2026 Rahul Gandhi Sonia Gandhi Mallikarjun Kharge Sharad Pawar Mk Stalin Dmk Ncp Sharad Pawar India Alliance Congress Parliament Special Session Women s Reservation Lok Sabha Indian Politics