July 1, 2024 13:05:01

ਇਹਨਾਂ ਸੱਤਾਂ ਪਿੰਡਾਂ ਦੇ ਨੌਜਵਾਨਾਂ ਨਾਲ ਬਾਹਰੀ ਇਲਾਕਿਆਂ ਵਾਲੇ ਧੀਆਂ ਵੀ ਨਹੀਂ ਵਿਆਉਂਦੇ
Daily Dharaledar Bureau / Gurdaspur
ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਇਲਾਕੇ ਦੇ ਮਕੌੜਾ ਪੱਤਣ 'ਤੇ ਰਾਵੀ ਦਰਿਆ 'ਤੇ ਬਣੇ ਆਰਜ਼ੀ ਲੱਕੜ ਦੇ ਪਲਟਨ ਪੁਲ ਨੂੰ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਚੁੱਕ ਦਿੱਤਾ ਗਿਆ ਹੈ, ਜਿਸ ਕਾਰਨ ਦਰਿਆ ਦੇ ਉਸ ਪਾਰ ਸਥਿਤ 7 ਪਿੰਡਾਂ ਦੇ ਲੋਕਾਂ ਦਾ ਬਾਕੀ ਭਾਰਤ ਨਾਲੋਂ ਸੰਪਰਕ ਟੁੱਟ ਗਿਆ ਹੈ। ਸੱਤ ਪਿੰਡਾਂ ਦੇ ਲੋਕਾਂ ਕੋਲ ਹੁਣ ਆਰ ਪਾਰ ਆਣ ਜਾਣ ਲਈ ਲਈ ਆਵਾਜਾਈ ਦਾ ਕੋਈ ਸਾਧਨ ਨਹੀਂ ਹੈ ਅਤੇ ਇੱਕੋ ਇੱਕ ਸਹਾਰਾ ਕਿਸ਼ਤੀ ਹੈ, ਜਿਸ ਕਾਰਨ ਲੋਕਾਂ ਨੂੰ ਸਾਮਾਨ ਲਿਆਉਣ ਅਤੇ ਲਿਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨਾਂ 'ਚ ਜਦੋਂ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਵਧੇਗਾ ਤਾਂ ਕਿਸ਼ਤੀ ਵੀ ਚੁੱਕ ਦਿੱਤੀ ਜਾਵੇਗੀ। ਫਿਰ ਇਨ੍ਹਾਂ ਸੱਤਾਂ ਪਿੰਡਾਂ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ। ਲੋਕ ਅਜਿਹੇ ਜੀਵਨ ਦੇ ਆਦੀ ਹੋ ਚੁੱਕੇ ਹਨ, ਜਿਸ ਕਾਰਨ ਉਹ ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਤਾਂ ਪਹਿਲਾਂ ਹੀ ਕਰ ਲੈਂਦੇ ਹਨ, ਪਰ ਨਾ ਤਾਂ ਵਿਦਿਆਰਥੀ ਸਕੂਲ-ਕਾਲਜ ਜਾ ਸਕਦੇ ਹਨ ਅਤੇ ਨਾ ਹੀ ਕਿਸੇ ਬਿਮਾਰ ਆਦਮੀ ਨੂੰ ਸਹੀ ਢੰਗ ਨਾਲ ਇਲਾਜ ਮਿਲ ਪਾਉਂਦਾ ਹੈ।
ਰਾਵੀ ਦਰਿਆ ਦੇ ਪਾਰ ਸਥਿਤ ਇਨ੍ਹਾਂ ਸੱਤ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦਰਿਆ ਪਾਰ ਸਥਿਤ ਸੱਤ ਪਿੰਡਾਂ ਦੇ ਨੌਜਵਾਨਾਂ ਨਾਲ ਹੋਰ ਇਲਾਕੇ ਦੀ ਕੋਈ ਵੀ ਲੜਕੀ ਵਿਆਹ ਕਰਨ ਲਈ ਤਿਆਰ ਨਹੀਂ ਹੁੰਦੀ। ਲੋਕਾਂ ਨੇ ਦੱਸਿਆ ਕਿ ਰਾਵੀ ਦਰਿਆ ਦੇ ਦੂਜੇ ਪਾਸੇ ਵਸੇ 7 ਪਿੰਡਾਂ ਤੂਰ, ਚੇਬੇ, ਭਰਿਆਲ, ਲਸੀਆਂ ,ਕੁਕਰ, ਮੰਮੀ ਚੱਕਰੰਗਾ ਅਤੇ ਕਜਲੇ ਦੇ ਲੋਕ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਟਾਪੂ 'ਤੇ ਚਾਰ ਮਹੀਨਿਆਂ ਲਈ ਬੰਧਕ ਬਣ ਜਾਂਦੇ ਹਨ। ਦਰਿਆ ਵਿੱਚ ਪਾਣੀ ਵਧਣ ਕਾਰਨ ਕਿਸ਼ਤੀ ਵੀ ਚੁੱਕ ਲਈ ਜਾਂਦੀ ਹੈ।ਇੱਕ ਪਾਸੇ ਰਾਵੀ ਅਤੇ ਦੂਜੇ ਪਾਸੇ ਪਾਕਿਸਤਾਨ ਹੈ।ਲੋਕਾਂ ਨੇ ਦੱਸਿਆ ਕਿ ਦਰਿਆ 'ਤੇ ਬਣੇ ਆਰਜ਼ੀ ਪੁਲ ਨੂੰ 20 ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਚੁੱਕ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਆਪਣੇ ਖੇਤਾਂ ਤੱਕ ਖਾਦ ਅਤੇ ਹੋਰ ਜ਼ਰੂਰੀ ਸਮਾਨ ਅਤੇ ਮਸ਼ੀਨਰੀ ਪਹੁੰਚਾਉਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਦਿਨਾਂ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਉਹ ਭਾਰਤ ਦੇਸ਼ ਦਾ ਹਿੱਸਾ ਹੀ ਨਹੀਂ ਹਨ ਕਿਉਂਕਿ ਉਹ ਆਪਣੇ ਇਲਾਕੇ ਵਿੱਚ ਕੈਦ ਹੋ ਕੇ ਰਹਿ ਜਾਂਦੇ ਹਨ।ਚੋਣਾਂ ਦੇ ਦਿਨਾਂ ਵਿਚ ਲੀਡਰ ਆਉਂਦੇ ਹਨ ਅਤੇ ਹਰ ਕੋਈ ਪੱਕਾ ਪੁਲ ਬਣਾਉਣ ਦਾ ਵਾਅਦਾ ਕਰਦਾ ਹੈ ਪਰ ਚੋਣਾਂ ਤੋਂ ਬਾਅਦ ਕੋਈ ਨਹੀਂ ਆਉਂਦਾ। ਇਸੇ ਕਰਕੇ ਇਨ੍ਹਾਂ ਪਿੰਡਾਂ ਦੇ ਲੋਕ ਕਈ ਵਾਰ ਚੋਣਾਂ ਦਾ ਬਾਈਕਾਟ ਵੀ ਕਰ ਚੁੱਕੇ ਹਨ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਰਾਵੀ ਦਰਿਆ ’ਤੇ ਪੱਕਾ ਪੁਲ ਬਣਾਇਆ ਜਾਵੇ, ਜਿਸ ਦੀ ਮਨਜ਼ੂਰੀ ਮਿਲਣ ਦਾ ਐਲਾਨ ਕਾਫੀ ਸਮੇਂ ਤੋਂ ਹੋ ਚੁੱਕਿਆ ਹੈ ਪਰ ਇਸ ਦੇ ਬਣਨਾ ਸ਼ੁਰੂ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆਂਦੇ।
Rainy Season Came Again And Seven Villages Of Makora Patan Became Islands