August 25, 2026
Dharaledar Bureau / Punjab
ਲਹਿਰਾਗਾਗਾ, 24 ਅਗਸਤ: ਪਿੰਡ ਚੂੜਲ ਖੁਰਦ ਵਿਖੇ ਕਰੀਬ 33 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਖੇਡ ਸਟੇਡੀਅਮ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦਾ ਵਿਕਾਸ ਹੋਣ ਨਾਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਢੁਕਵਾਂ ਮੰਚ ਮਿਲਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ। ਫੁੱਟਬਾਲ ਦੇ ਖਿਡਾਰੀਆਂ ਨੂੰ 3 ਫੁੱਟਬਾਲ, 36 ਸਟੱਡ, 1 ਜੋੜਾ ਫੁੱਟਬਾਲ ਨੈੱਟ ਅਤੇ 1 ਕਿੱਟ ਬੈਗ ਦਿੱਤਾ ਗਿਆ। ਇਸੇ ਤਰ੍ਹਾਂ ਵਾਲੀਬਾਲ ਦੇ ਖਿਡਾਰੀਆਂ ਨੂੰ 3 ਵਾਲੀਬਾਲ, 1 ਵਾਲੀਬਾਲ ਨੈੱਟ ਅਤੇ 1 ਕਿੱਟ ਬੈਗ, ਜਦਕਿ ਕ੍ਰਿਕਟ ਦੇ ਖਿਡਾਰੀਆਂ ਨੂੰ 2 ਬੈਟ, 2 ਬਾਕਸ ਬਾਲ ਅਤੇ ਕਿੱਟ ਬੈਗ ਦਿੱਤੇ ਗਏ। ਸ੍ਰੀ ਗੋਇਲ ਨੇ ਕਿਹਾ ਕਿ ਖਿਡਾਰੀਆਂ ਨੂੰ ਲੋੜੀਂਦਾ ਖੇਡ ਸਾਮਾਨ ਮੁਹੱਈਆ ਕਰਵਾਉਣ ਨਾਲ ਉਹ ਖੇਡ ਗਤੀਵਿਧੀਆਂ ਵਿੱਚ ਹੋਰ ਉਤਸ਼ਾਹ ਨਾਲ ਹਿੱਸਾ ਲੈਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ, ਸਖ਼ਤ ਮਿਹਨਤ ਕਰਨ ਅਤੇ ਆਪਣੇ ਪਿੰਡ, ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਪਿੰਡਾਂ ਵਿੱਚ ਖੇਡਾਂ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਲਈ ਸਿਹਤਮੰਦ ਅਤੇ ਸਕਾਰਾਤਮਕ ਮਾਹੌਲ ਸਿਰਜਣਾ ਹੈ। ਇਸ ਮੌਕੇ ਸਰਪੰਚ ਸੁਰਿੰਦਰ ਸਿੰਘ ਬਿੱਲਾ, ਅਜੈਬ ਸਿੰਘ, ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡ ਦੇ ਪਤਵੰਤੇ, ਖੇਡ ਪ੍ਰੇਮੀ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਪਿੰਡ ਵਾਸੀਆਂ ਨੇ ਨਵਾਂ ਖੇਡ ਸਟੇਡੀਅਮ ਲੋਕ ਅਰਪਿਤ ਕਰਨ ਅਤੇ ਖਿਡਾਰੀਆਂ ਨੂੰ ਖੇਡ ਸਾਮਾਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ।
Sports Stadium Cost Rs 33 Lakh Public Chural Khurd