September 29, 2026
ਪੰਥਕ ਅਸੈਂਬਲੀ ਦਾ Sgpc ਮੈਂਬਰਾਂ ਨੂੰ ਖੁੱਲ੍ਹਾ ਪੱਤਰ, ਬਹਿਰੀਨ ਤੋਂ ਆਈ ਬੀਬੀ ਮਾਮਲੇ ’ਚ 12 ਸਵਾਲਾਂ ਦੇ ਜਵਾਬ ਮੰਗੇ
Prabhsimran Singh / Punjab
ਵੱਖ-ਵੱਖ ਸਿੱਖ ਆਗੂਆਂ ਵੱਲੋਂ ਬਣਾਈ ਗਈ ਪੰਥਕ ਅਸੈਂਬਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸਮੂਹ ਮੈਂਬਰਾਂ ਦੇ ਨਾਂ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਹਾਲੀਆ ਵਿਵਾਦ ਨਾਲ ਜੁੜੇ ਸਵਾਲ ਯੋਗ ਮੰਚ ’ਤੇ ਚੁੱਕਣ ਦੀ ਅਪੀਲ ਕੀਤੀ ਹੈ। ਇਹ ਮਾਮਲਾ ਬਹਿਰੀਨ ਤੋਂ ਆਈ ਇੱਕ ਬੀਬੀ ਵੱਲੋਂ SGPC ਦੇ ਇੱਕ ਮੈਂਬਰ ’ਤੇ ਲਾਏ ਗਏ ਗੰਭੀਰ ਦੋਸ਼ਾਂ ਅਤੇ ਕੀਤੇ ਖ਼ੁਲਾਸਿਆਂ ਤੋਂ ਬਾਅਦ ਚਰਚਾ ਵਿੱਚ ਹੈ। ਇਸੇ ਮਾਮਲੇ ਨੂੰ ਲੈ ਕੇ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖ਼ਿਲਾਫ਼ ਵੀ ਮੁਜ਼ਾਹਰੇ ਹੋ ਰਹੇ ਹਨ। ਪੰਥਕ ਅਸੈਂਬਲੀ ਵੱਲੋਂ ਜਾਰੀ ਪੱਤਰ ਵਿੱਚ ਬੀਬੀ ਨੂੰ ਬਹਿਰੀਨ ਤੋਂ ਕੌਣ ਲੈ ਕੇ ਆਇਆ, ਯਾਤਰਾ ਜਾਂ ਟਿਕਟਾਂ ਦਾ ਪ੍ਰਬੰਧ ਕਿਸ ਨੇ ਕੀਤਾ, SGPC ਦੀਆਂ ਸਰਾਵਾਂ ਵਿੱਚ ਲੰਮਾ ਸਮਾਂ ਰਹਿਣ ਦੀ ਸਿਫ਼ਾਰਸ਼ ਕਿਸ ਨੇ ਕੀਤੀ ਅਤੇ SGPC ਦਾ ਵਾਹਨ ਤੇ ਡਰਾਈਵਰ ਕਿਸ ਦੇ ਹੁਕਮ ’ਤੇ ਮੁਹੱਈਆ ਕਰਵਾਇਆ ਗਿਆ—ਇਨ੍ਹਾਂ ਸਮੇਤ ਲਗਭਗ 12 ਸਵਾਲਾਂ ਦੇ ਜਵਾਬ ਮੰਗੇ ਗਏ ਹਨ। ਪੱਤਰ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਕੀ SGPC ਦੇ ਫ਼ੰਡਾਂ ਜਾਂ ਕਿਸੇ ਮੈਂਬਰ/ਕਰਮਚਾਰੀ ਵੱਲੋਂ ਬੀਬੀ ਨੂੰ ਕੋਈ ਸਹਾਇਤਾ ਦਿੱਤੀ ਗਈ ਅਤੇ ਜੇ ਦਿੱਤੀ ਗਈ ਤਾਂ ਕਿਸ ਦੇ ਹੁਕਮਾਂ ਤੇ ਕਿਸ ਮੱਦ ਅਧੀਨ। ਨਾਲ ਹੀ ਸਰਾਵਾਂ ਵਿੱਚ ਲੰਬੇ ਸਮੇਂ ਤੱਕ ਰਹਿਣ ਸਬੰਧੀ ਨਿਯਮਾਂ ਅਤੇ ਕਿਸੇ ਵਿਸ਼ੇਸ਼ ਛੋਟ ਬਾਰੇ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ। ਐਡਵੋਕੇਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਖੁੱਲ੍ਹਾ ਪੱਤਰ ਜਾਰੀ ਕਰਨ ਤੋਂ ਪਹਿਲਾਂ ਪੰਥਕ ਅਸੈਂਬਲੀ ਦੇ ਆਗੂਆਂ ਦੀ ਔਨਲਾਈਨ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ SGPC ਕਿਸੇ ਵਿਅਕਤੀ, ਸਿਆਸੀ ਪਾਰਟੀ ਜਾਂ ਧੜੇ ਦੀ ਨਿੱਜੀ ਸੰਸਥਾ ਨਹੀਂ, ਸਗੋਂ ਪੰਥ ਦੀ ਸੰਸਥਾ ਹੈ। ਉਨ੍ਹਾਂ ਕਿਹਾ ਕਿ SGPC ਵੱਲੋਂ ਜਾਂਚ ਕਮੇਟੀ ਬਣਾਈ ਗਈ ਹੈ, ਪਰ ਜਾਂਚ ਸਿਰਫ਼ ਦੋ ਵਿਅਕਤੀਆਂ ਖ਼ਿਲਾਫ਼ ਲੱਗੇ ਦੋਸ਼ਾਂ ਤੱਕ ਸੀਮਤ ਨਾ ਰਹੇ। ਉਨ੍ਹਾਂ SGPC ਮੈਂਬਰਾਂ ਨੂੰ ਹਰ ਯੋਗ ਮੰਚ ’ਤੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਸਬੰਧਤ ਸਵਾਲਾਂ ਦੇ ਜਵਾਬ ਮੰਗਣ ਦੀ ਅਪੀਲ ਕੀਤੀ।
Sgpc Sikh News Punjab News Panthak Assembly Sikh Leaders Harjinder Singh Dhami Jaswinder Singh Advocate Bahrain Woman Case Shiromani Gurdwara Parbandhak Committee Sikh Institutions Punjab Politics Sikh Community Latest Punjab News