September 30, 2026
ਪੰਜਾਬ ਕਾਂਗਰਸ ’ਚ ਬਦਲਾਅ ਦੀ ਚਰਚਾ ਵਿਚਕਾਰ ਬਾਜਵਾ ਦਾ ਵੱਡਾ ਬਿਆਨ
Prabhsimran Singh / Punjab
ਪੰਜਾਬ ਕਾਂਗਰਸ ਵਿੱਚ ਸੂਬਾ ਪ੍ਰਧਾਨ ਅਤੇ ਜਥੇਬੰਦਕ ਢਾਂਚੇ ਵਿੱਚ ਤਬਦੀਲੀ ਦੀਆਂ ਚਰਚਾਵਾਂ ਵਿਚਕਾਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ। ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ‘ਕਦੋਂ ਮੌਸਮ ਬਦਲ ਜਾਵੇ ਅਤੇ ਕਦੋਂ ਪ੍ਰਧਾਨ ਬਦਲ ਜਾਵੇ, ਕੁਝ ਪਤਾ ਨਹੀਂ ਲੱਗਦਾ।’ ਹਾਲਾਂਕਿ ਬਾਜਵਾ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫ਼ੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਵੇਗਾ। ਬਾਜਵਾ ਨੇ ਦੱਸਿਆ ਕਿ ਕਾਂਗਰਸ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਅਕਤੂਬਰ ਦੇ ਦੂਜੇ ਜਾਂ ਤੀਜੇ ਹਫ਼ਤੇ ਪੰਜਾਬ ਆਉਣ ਦੀ ਉਮੀਦ ਹੈ ਅਤੇ ਲੋਕਾਂ ਨਾਲ ਰਾਬਤਾ ਵਧਾਉਣ ਲਈ ਸੂਬਾ ਪੱਧਰੀ ਰੈਲੀ ਵੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਥਾਂ ਸਚਿਨ ਪਾਇਲਟ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਇਲਟ ਵੱਲੋਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਆਗੂਆਂ ਵਿਚਕਾਰ ਵਖਰੇਵੇਂ ਸਾਹਮਣੇ ਆਉਣ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਅਤੇ ਚੋਣ ਰਣਨੀਤੀ ਨੂੰ ਲੈ ਕੇ ਚਰਚਾਵਾਂ ਜਾਰੀ ਹਨ।
Punjab Congress Partap Singh Bajwa Amarinder Singh Raja Warring Sachin Pilot Rahul Gandhi Punjab Politics Congress News Punjab News Political News Congress President Punjab Assembly Elections Latest News