October 9, 2026
ਨਾਭਾ ’ਚ ਮੈਗਾ ਪੀਟੀਐੱਮ ਦੌਰਾਨ ਵਿਵਾਦ, ਮਜ਼ਦੂਰ ਔਰਤਾਂ ਨੇ ਮੁੱਖ ਮੰਤਰੀ ਨੂੰ ਸੁਣਾਈਆਂ ਮੁਸ਼ਕਲਾਂ
Prabhsimran Singh / Nabha
ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਸੂਬਾ ਪੱਧਰੀ ਮੈਗਾ ਅਧਿਆਪਕ-ਮਾਪੇ ਮਿਲਣੀ (ਪੀਟੀਐੱਮ) ਦੌਰਾਨ ਨਾਭਾ ਦੇ ਪਿੰਡ ਰਾਮਗੜ੍ਹ ਵਿੱਚ ਸਿਆਸੀ ਵਿਵਾਦ ਖੜ੍ਹਾ ਹੋ ਗਿਆ। ਪਿੰਡ ਦੀਆਂ ਮਜ਼ਦੂਰ ਔਰਤਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਲਈ ਵੀਡੀਓ ਸੰਦੇਸ਼ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਔਰਤਾਂ ਨੇ ਸਕੂਲ ਦੇ ਬਾਹਰ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਸਕੂਲ ਸਿੱਖਿਆ ਵਿਭਾਗ ਵੱਲੋਂ ਮੈਗਾ ਪੀਟੀਐੱਮ ਦੌਰਾਨ ਮਾਪਿਆਂ, ਖ਼ਾਸਕਰ ਮਾਵਾਂ ਦੇ ਵੀਡੀਓ ਸੰਦੇਸ਼ ਰਿਕਾਰਡ ਕਰਕੇ ਐਪ ’ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਔਰਤਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਪਿੰਡਾਂ ਵਿੱਚ ਵਧ ਰਹੇ ਨਸ਼ਿਆਂ, ਲੁੱਟਾਂ-ਖੋਹਾਂ ਅਤੇ ਮਨਰੇਗਾ ਤਹਿਤ ਕੰਮ ਨਾ ਮਿਲਣ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਾ ਚਾਹੁੰਦੀਆਂ ਸਨ। ਉਨ੍ਹਾਂ ਸਰਕਾਰ ਤੋਂ ਨਸ਼ਿਆਂ ਦੀ ਸਪਲਾਈ ਰੋਕਣ ਅਤੇ ਮਨਰੇਗਾ ਦਾ ਕੰਮ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਔਰਤਾਂ ਨੇ ਕਿਹਾ ਕਿ ਨਸ਼ਿਆਂ ਦੀ ਵਿਕਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉੱਧਰ, ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਨੇ ਕਿਹਾ ਕਿ ਸਕੂਲ ਵੱਲੋਂ ਕਿਸੇ ਵੀ ਮਾਪੇ ਦਾ ਵੀਡੀਓ ਬਿਆਨ ਰਿਕਾਰਡ ਨਹੀਂ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਅਧਿਆਪਕ ਯੂਨੀਅਨਾਂ ਨੇ ਸਰਕਾਰ ’ਤੇ ਸਿੱਖਿਆ ਸੰਸਥਾਵਾਂ ਨੂੰ ਪ੍ਰਚਾਰ ਲਈ ਵਰਤਣ ਦੇ ਦੋਸ਼ ਲਾਏ। ਭਾਜਪਾ ਆਗੂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੀਟੀਐੱਮ ਦੇ ਅਸਲ ਉਦੇਸ਼ ਨੂੰ ਛੱਡ ਕੇ ਇਸ ਨੂੰ ਸਰਕਾਰੀ ਨਾਅਰਿਆਂ ਦੇ ਪ੍ਰਚਾਰ ਦਾ ਮੰਚ ਬਣਾਉਣਾ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਦੀਆਂ ਅਸਲ ਸਮੱਸਿਆਵਾਂ ਸੁਣਨ ਦੀ ਬਜਾਏ ਪ੍ਰਚਾਰ ਨੂੰ ਤਰਜੀਹ ਦੇ ਰਹੀ ਹੈ।
Punjab News Nabha News Ramgarh Village Bhagwant Mann Mega Ptm Punjab Government Mgnrega Drug Problem Punjab Rural Employment Punjab Politics Education News