October 18, 2026
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਵੀਡੀਓ ਨੂੰ ਲੈ ਕੇ ਵਿਵਾਦ, ਮਾਪਿਆਂ ਖ਼ਿਲਾਫ਼ ਸ਼ਿਕਾਇਤ ਦਰਜ
Prabhsimran Singh / Punjab
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਖ਼ਿਲਾਫ਼ ਉਨ੍ਹਾਂ ਦੇ ਦੋ ਸਾਲਾ ਛੋਟੇ ਪੁੱਤਰ ਦੀ ਇੱਕ ਕਥਿਤ ਵੀਡੀਓ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ ਮਾਨਸਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕੋਲ ਭੇਜੀ ਗਈ ਹੈ। ਸੰਗਠਨ ਨੇ ਮਾਮਲੇ ਦੀ ਜਾਂਚ ਕਰਨ ਅਤੇ ਬੱਚੇ ਦੇ ਮਾਪਿਆਂ ਦੀ ਕਾਉਂਸਲਿੰਗ ਕਰਵਾਉਣ ਦੀ ਮੰਗ ਕੀਤੀ ਹੈ। ‘ਲਾਇਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ (LFHRI) ਨੇ ਸ਼ਨਿਚਰਵਾਰ ਨੂੰ ਸਪੀਡ ਪੋਸਟ ਰਾਹੀਂ ਸ਼ਿਕਾਇਤ ਭੇਜੀ। ਸੰਗਠਨ ਨੇ ਇਹ ਵੀ ਮੰਗ ਕੀਤੀ ਹੈ ਕਿ ਬੱਚੇ ਨੂੰ ਜਨਤਕ ਜਾਂ ਨਿੱਜੀ ਸਮਾਗਮਾਂ ਵਿੱਚ ਬੰਦੂਕ ਵਰਗੇ ਇਸ਼ਾਰੇ ਕਰਨ ਲਈ ਉਤਸ਼ਾਹਿਤ ਕਰਨ ਤੋਂ ਰੋਕਣ ਵਾਸਤੇ ਅੰਤਰਿਮ ਨਿਰਦੇਸ਼ ਜਾਰੀ ਕੀਤੇ ਜਾਣ। ਇਹ ਵਿਵਾਦ 9 ਅਕਤੂਬਰ ਨੂੰ ਕੈਨੇਡਾ ਦੇ ਟੋਰਾਂਟੋ ਸਥਿਤ ਸਕੋਸ਼ੀਆਬੈਂਕ ਏਰੀਨਾ ਵਿੱਚ ਹੋਏ ‘ਸਾਈਨ ਟੂ ਗੌਡ ਵਰਲਡ ਟੂਰ’ ਦੇ ਹੋਲੋਗ੍ਰਾਮ ਕੰਸਰਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਇਆ। ਵੀਡੀਓ ਵਿੱਚ ਮੂਸੇਵਾਲਾ ਦਾ ਛੋਟਾ ਭਰਾ ਸ਼ੁਭਦੀਪ ਸਿੰਘ ਸਿੱਧੂ, ਜਿਸ ਨੂੰ ‘ਨਿੱਕਾ ਸਿੱਧੂ’ ਵੀ ਕਿਹਾ ਜਾਂਦਾ ਹੈ, ਹੱਥ ਨਾਲ ਪਿਸਤੌਲ ਵਰਗਾ ਇਸ਼ਾਰਾ ਕਰਦਾ ਅਤੇ ਕਥਿਤ ਤੌਰ ’ਤੇ ‘ਠਾ ਠਾ ਠਾ’ ਕਹਿੰਦਾ ਦਿਖਾਈ ਦੇ ਰਿਹਾ ਹੈ। ਉਹ ਆਪਣੇ ਮਰਹੂਮ ਵੱਡੇ ਭਰਾ ਦੇ ਪੱਟ ’ਤੇ ਹੱਥ ਮਾਰਨ ਵਾਲੇ ਮਸ਼ਹੂਰ ਇਸ਼ਾਰੇ ਦੀ ਨਕਲ ਕਰਦਾ ਵੀ ਦਿਖਾਈ ਦਿੱਤਾ। LFHRI ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਬੱਚੇ ਨੂੰ ਹਿੰਸਾ ਤੋਂ ਦੂਰ ਰੱਖਣ ਦੀ ਲੋੜ ਹੈ ਅਤੇ ਉਸ ਦੇ ਮਾਪਿਆਂ ਦੀ ਕਾਉਂਸਲਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਾਪੇ ਆਪਣਾ ਤਰੀਕਾ ਨਹੀਂ ਬਦਲਦੇ ਤਾਂ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਹੋਰ ਵੀਡੀਓ ਵਿੱਚ ਕੁਝ ਲੋਕ ਬੱਚੇ ਨੂੰ ਹੱਥਾਂ ਨਾਲ ਪਿਸਤੌਲ ਵਰਗੇ ਇਸ਼ਾਰੇ ਕਰਨਾ ਸਿਖਾਉਂਦੇ ਅਤੇ ਉਤਸ਼ਾਹਿਤ ਕਰਦੇ ਦਿਖਾਈ ਦੇ ਰਹੇ ਹਨ। ਦੂਜੇ ਪਾਸੇ, ਮੂਸੇਵਾਲਾ ਕਤਲ ਕੇਸ ਵਿੱਚ ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਰਿਵਾਰ ਨੂੰ ਅਜੇ ਤੱਕ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਰਿਪੋਰਟ ਜਾਂ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਬੱਚੇ ਦੀ ਪਰਵਰਿਸ਼ ਕਿਵੇਂ ਕਰਨੀ ਹੈ, ਇਹ ਪਰਿਵਾਰ ਦਾ ਅਧਿਕਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਮੂਸੇਵਾਲਾ ਪਰਿਵਾਰ ਨੂੰ ਕਿਸੇ ਨਾ ਕਿਸੇ ਵਿਵਾਦ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਬੱਚੇ ਦੇ ਜਨਮ ਸਮੇਂ ਵੀ ਵਿਵਾਦ ਖੜ੍ਹਾ ਕੀਤਾ ਗਿਆ ਸੀ। ਮਾਨਸਾ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ (DCPO) ਜਗਤਾਰ ਸਿੰਘ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਜਾਂਚ ਕਰਨਗੇ ਕਿ ਉਨ੍ਹਾਂ ਦੇ ਦਫ਼ਤਰ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਮਿਲੀ ਹੈ ਜਾਂ ਨਹੀਂ। ਬਲਕੌਰ ਸਿੰਘ ਅਤੇ ਚਰਨ ਕੌਰ ਆਪਣੇ ਛੋਟੇ ਪੁੱਤਰ ਨਾਲ ਇਸ ਸਮੇਂ ਹੋਲੋਗ੍ਰਾਮ ਟੂਰ ਲਈ ਵਿਦੇਸ਼ ਵਿੱਚ ਹਨ। ਜ਼ਿਕਰਯੋਗ ਹੈ ਕਿ ਮਾਰਚ 2024 ਵਿੱਚ ਸ਼ੁਭਦੀਪ ਸਿੰਘ ਸਿੱਧੂ ਦੇ ਜਨਮ ਸਮੇਂ ਵੀ ਵਿਵਾਦ ਹੋਇਆ ਸੀ। ਚਰਨ ਕੌਰ ਨੇ ਇਨ-ਵਿਟ੍ਰੋ ਫਰਟੀਲਾਈਜ਼ੇਸ਼ਨ (IVF) ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ। ਉਸ ਸਮੇਂ ਕੇਂਦਰੀ ਸਿਹਤ ਮੰਤਰਾਲੇ ਨੇ ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਕਾਨੂੰਨ ਤਹਿਤ ਨਿਰਧਾਰਤ ਉਮਰ ਸੀਮਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। ਬਲਕੌਰ ਸਿੰਘ ਨੇ ਉਸ ਵੇਲੇ ਸੂਬਾ ਸਰਕਾਰ ’ਤੇ ਪਰਿਵਾਰ ਨੂੰ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
Sidhu Moosewala Shubhdeep Singh Sidhu Balkaur Singh Charan Kaur Nikka Sidhu Lfhri Navkiran Singh Mansa News Punjab News Child Protection Human Rights Complaint Toronto Concert Sidhu Moosewala Family