September 25, 2026
ਚੰਡੀਗੜ੍ਹ ’ਚ ਹੈੱਡ ਕਾਂਸਟੇਬਲ ਦਾ ਘਰ ’ਚ ਗੋਲੀਆਂ ਮਾਰ ਕੇ ਕਤਲ, ਪੁੱਤਰ ਹਿਰਾਸਤ ’ਚ
Prabhsimran Singh / Chandigarh
ਚੰਡੀਗੜ੍ਹ ਦੇ ਸੈਕਟਰ-22 ਏ ਵਿੱਚ ਸ਼ੁੱਕਰਵਾਰ ਤੜਕਸਾਰ ਪੁਲੀਸ ਹੈੱਡਕੁਆਰਟਰ ਸੈਕਟਰ-9 ਵਿਖੇ ਤਾਇਨਾਤ ਹੈੱਡ ਕਾਂਸਟੇਬਲ ਨਿਤਿਨ ਕੁਮਾਰ ਦੀ ਘਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਸਮੇਂ ਨਿਤਿਨ ਘਰ ਵਿੱਚ ਸੁੱਤਾ ਹੋਇਆ ਸੀ, ਜਦਕਿ ਉਸ ਦੀ ਪਤਨੀ ਅਤੇ ਪੁੱਤਰ ਵੀ ਘਰ ਵਿੱਚ ਮੌਜੂਦ ਸਨ। ਪੁਲੀਸ ਮੁਤਾਬਕ ਸੈਕਟਰ-22 ਪੁਲੀਸ ਚੌਕੀ ਨੂੰ ਸਵੇਰੇ ਕਰੀਬ 8:50 ਵਜੇ ਘਟਨਾ ਦੀ ਸੂਚਨਾ ਮਿਲੀ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ। ਘਰ ਦੀ ਛੱਤ ਤੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ ਹੈ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਅਰਮਾਨ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਮਾਮਲਾ ਘਰੇਲੂ ਕਲੇਸ਼ ਨਾਲ ਜੁੜਿਆ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਅਰਮਾਨ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਫਰਵਰੀ 2026 ਵਿੱਚ ਤੇਜ਼ ਰਫ਼ਤਾਰ ਥਾਰ ਨਾਲ ਮੋਟਰਸਾਈਕਲ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਸੀ ਅਤੇ ਉਹ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਬਾਹਰ ਸੀ। ਨਿਤਿਨ ਕੁਮਾਰ ਦੀ ਦੇਹ ਨੂੰ ਪੋਸਟਮਾਰਟਮ ਲਈ ਜੀ.ਐੱਮ.ਐੱਸ.ਐੱਚ. ਸੈਕਟਰ-16 ਦੀ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ। ਪੁਲੀਸ ਕਤਲ ਦੇ ਅਸਲ ਕਾਰਨ ਅਤੇ ਮਨੋਰਥ ਦੀ ਜਾਂਚ ਕਰ ਰਹੀ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।
Chandigarh Head Constable Nitin Kumar Sector 22 Chandigarh Police Police Headquarters Crime News Murder Case Shooting Arman Punjab News Chandigarh Crime