October 27, 2026
ਡੇਰਾਬੱਸੀ ਫਲਾਈਓਵਰ ਨੇੜੇ ਸਲੀਪਰ ਬੱਸ ’ਤੇ ਹਮਲਾ, ਰਾਡਾਂ ਤੇ ਤਲਵਾਰਾਂ ਨਾਲ ਕੀਤੀ ਭੰਨਤੋੜ; ਕਈ ਯਾਤਰੀ ਜ਼ਖ਼ਮੀ
Prabhsimran Singh / Dera Bassi
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਡੇਰਾਬੱਸੀ ਫਲਾਈਓਵਰ ਨੇੜੇ ਐਤਵਾਰ ਦੇਰ ਰਾਤ 8 ਤੋਂ 10 ਅਣਪਛਾਤੇ ਨੌਜਵਾਨਾਂ ਦੇ ਇੱਕ ਗਰੁੱਪ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਜਾ ਰਹੀ ਨਿੱਜੀ ਸਲੀਪਰ ਬੱਸ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਲੋਹੇ ਦੀਆਂ ਰਾਡਾਂ, ਡੰਡਿਆਂ ਅਤੇ ਤਲਵਾਰਾਂ ਨਾਲ ਬੱਸ ਦੀ ਭੰਨਤੋੜ ਕੀਤੀ ਅਤੇ ਬੱਸ ਦੇ ਅਗਲੇ ਸ਼ੀਸ਼ੇ, ਖਿੜਕੀਆਂ ਤੇ ਲਾਈਟਾਂ ਤੋੜ ਦਿੱਤੀਆਂ। ਇਸ ਦੌਰਾਨ ਬੱਸ ਦੇ ਚਾਲਕ, ਕੰਡਕਟਰ ਅਤੇ ਸਟਾਫ਼ ਦੀ ਵੀ ਕੁੱਟਮਾਰ ਕੀਤੀ ਗਈ। ਅਚਾਨਕ ਹੋਏ ਹਮਲੇ ਕਾਰਨ ਸਹਿਮੇ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਬੱਸ ਵਿੱਚੋਂ ਛਾਲਾਂ ਮਾਰ ਦਿੱਤੀਆਂ। ਖਿੜਕੀਆਂ ਦੇ ਟੁੱਟੇ ਕੱਚ ਲੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਕਈ ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾ ਕੇ ਮੁੱਢਲੀ ਸਹਾਇਤਾ ਦਿੱਤੀ ਗਈ। ਪੁਲੀਸ ਅਨੁਸਾਰ, ਚੰਡੀਗੜ੍ਹ ਤੋਂ ਬਰੇਲੀ ਜਾ ਰਹੀ ਹਰਸ਼ ਬੱਸ ਸਰਵਿਸ ਦੀ ਸਲੀਪਰ ਕੋਚ ’ਤੇ ਕਿਸੇ ਹੋਰ ਟਰਾਂਸਪੋਰਟਰ ਨਾਲ ਸਬੰਧਤ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ। ਇਸ ਘਟਨਾ ਤੋਂ ਬਾਅਦ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁੱਢਲੀ ਜਾਂਚ ਮੁਤਾਬਕ, ਇਹ ਹਮਲਾ ਸਵਾਰੀਆਂ ਬਿਠਾਉਣ ਅਤੇ ਕਿਰਾਏ ਨੂੰ ਲੈ ਕੇ ਨਿੱਜੀ ਟਰਾਂਸਪੋਰਟਰਾਂ ਵਿਚਾਲੇ ਚੱਲ ਰਹੀ ਖਹਿਬਾਜ਼ੀ ਦਾ ਨਤੀਜਾ ਹੋ ਸਕਦਾ ਹੈ। ਦੋਵਾਂ ਧਿਰਾਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਕਿਰਾਏ ਨੂੰ ਲੈ ਕੇ ਤਣਾਅ ਚੱਲ ਰਿਹਾ ਸੀ। ਹਾਲਾਂਕਿ, ਪੁਲੀਸ ਵੱਲੋਂ ਹਮਲੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੇਰਾਬੱਸੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Dera Bassi Ambala Chandigarh Highway Sleeper Bus Attack Harsh Bus Service Bus Vandalism Passengers Injured Private Transporters Dispute Punjab News Dera Bassi Police Cctv Investigation