October 20, 2026
ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ ’ਚ ਅਮਰੀਕਾ ’ਚ ਬੈਠੇ ਗੈਂਗਸਟਰ ਅਨਿਲ ਪੰਡਿਤ ਦਾ ਨਾਂ ਆਇਆ ਸਾਹਮਣੇ, ਬੌਲੀਵੁੱਡ ਨੂੰ ਦਿੱਤੀ ਧਮਕੀ
Prabhsimran Singh / Mumbai
ਅਮਰੀਕਾ ਤੋਂ ਆਪਣਾ ਗੈਂਗ ਚਲਾਉਣ ਵਾਲਾ ਗੈਂਗਸਟਰ ਅਨਿਲ ਪੰਡਿਤ ਬੌਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਹੈ। ਪੁਲੀਸ ਮੁਤਾਬਕ, ਉਸ ਦਾ ਨਾਂ ਹਰਿਆਣਾ ਅਤੇ ਦਿੱਲੀ ਵਿੱਚ ਫਿਰੌਤੀ ਅਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੇ ਇੱਕ ਦਰਜਨ ਤੋਂ ਵੱਧ ਮਾਮਲਿਆਂ ਨਾਲ ਜੁੜਿਆ ਹੋਇਆ ਹੈ। ਦਿੱਲੀ ਪੁਲੀਸ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਵਿੱਚ ਇੱਕ ਮਸ਼ਹੂਰ ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਵੀ ਸ਼ਾਮਲ ਹੈ। ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਅਨਿਲ ਪੰਡਿਤ ਅਮਰੀਕਾ ਵਿੱਚ ਬੈਠ ਕੇ ਭਾਰਤ ਵਿੱਚ ਆਪਣੇ ਕਥਿਤ ਸ਼ੂਟਰਾਂ ਨਾਲ ਤਾਲਮੇਲ ਰੱਖਦਾ ਹੈ। ਇਸ ਮਾਮਲੇ ਵਿੱਚ ਕੋਟਾ ਪੁਲੀਸ ਨੇ ਹਰਿਆਣਾ ਅਤੇ ਬਿਹਾਰ ਨਾਲ ਸਬੰਧਤ ਤਿੰਨ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਵੀ ਸਰਗਰਮ ਸ਼ੂਟਰਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ। ਮਾਮਲੇ ਦੀ ਜਾਂਚ ਲਈ ਲਗਪਗ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜਾਂਚਕਰਤਾ ਉਸ ਸੋਸ਼ਲ ਮੀਡੀਆ ਪੋਸਟ ਦੀ ਵੀ ਜਾਂਚ ਕਰ ਰਹੇ ਹਨ, ਜਿਸ ਵਿੱਚ ਅਨਿਲ ਪੰਡਿਤ ਨੇ ਕਥਿਤ ਤੌਰ ’ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦਿਆਂ ਬੌਲੀਵੁੱਡ ਉਦਯੋਗ ਨੂੰ ਧਮਕੀ ਦਿੱਤੀ ਸੀ। ਇਸ ਤੋਂ ਪਹਿਲਾਂ ਗਾਇਕ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਵੀ ਉਸ ਦਾ ਨਾਂ ਸਾਹਮਣੇ ਆਇਆ ਸੀ। ਪੁਲੀਸ ਅਨੁਸਾਰ, ਇਹ ਅਪਰਾਧਿਕ ਨੈੱਟਵਰਕ ਆਪਣੇ ਸ਼ੂਟਰਾਂ ਨਾਲ ਸੰਪਰਕ ਬਣਾਈ ਰੱਖਣ ਲਈ ਮੈਸੇਜਿੰਗ ਐਪਸ ਦੀ ਵਰਤੋਂ ਕਰਦਾ ਹੈ। ਜਾਂਚਕਰਤਾ ਹਥਿਆਰਾਂ ਦੀ ਸਪਲਾਈ ਦੇ ਸਰੋਤਾਂ ਅਤੇ ਵਿੱਤੀ ਮਦਦ ਬਾਰੇ ਜਾਣਕਾਰੀ ਹਾਸਲ ਕਰਨ ਲਈ ਤਿਹਾੜ ਅਤੇ ਮੰਡੋਲੀ ਜੇਲ੍ਹਾਂ ਵਿੱਚ ਬੰਦ ਉਸ ਦੇ ਕਥਿਤ ਸਾਥੀਆਂ ਤੋਂ ਵੀ ਪੁੱਛਗਿੱਛ ਕਰ ਸਕਦੇ ਹਨ। ਇਸ ਮਾਮਲੇ ਨਾਲ ਸਬੰਧਤ ਇੱਕ ਆਡੀਓ ਕਲਿੱਪ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਵਿੱਚ 32 ਸਾਲਾ ਅਨਿਲ ਪੰਡਿਤ ਨੂੰ ਕਥਿਤ ਤੌਰ ’ਤੇ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਟਾਈਗਰ ਸ਼ਰਾਫ ’ਤੇ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਸ ਨੇ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਨਾ ਕਰਨ ਦੀ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ ਸੀ। ਆਡੀਓ ਵਿੱਚ ਪੰਡਿਤ ਵੱਲੋਂ ਸਲਮਾਨ ਖਾਨ ਤੋਂ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਭਾਈਚਾਰੇ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ। ਉਸ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਹੈ ਕਿ ਜੇਕਰ ਮੁਆਫ਼ੀ ਨਾ ਮੰਗੀ ਗਈ ਤਾਂ ਸਲਮਾਨ ਖਾਨ ਦੇ ਕਰੀਬੀ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪੁਲੀਸ ਵੱਲੋਂ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
Anil Pandit Tiger Shroff Bollywood Firing Case Salman Khan Lawrence Bishnoi Gang Guru Randhawa Delhi Police Kota Police Gangster News Haryana Crime Bollywood News Targeted Attack Extortion Case Punjab News India Crime News