November 18, 2026
ਕੈਨੇਡਾ 'ਚ ਸੜਦੀ ਕਾਰ 'ਚੋਂ ਮਿਲੀ ਲਾਸ਼ ਦੀ ਹੋਈ ਪਛਾਣ, ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਦਾ ਹੋਇਆ ਸੀ ਕਤਲ; ਟਾਰਗੇਟ ਕਿਲਿੰਗ ਦਾ ਸ਼ੱਕ
Prabhsimran Singh / Canada
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਲੈਂਗਲੀ ਵਿੱਚ ਪਿਛਲੇ ਮਹੀਨੇ ਸੜਦੀ ਹੋਈ ਕਾਰ ਵਿੱਚੋਂ ਮਿਲੇ ਮਨੁੱਖੀ ਅਵਸ਼ੇਸ਼ਾਂ ਦੀ ਪਛਾਣ 25 ਸਾਲਾ ਭਾਰਤੀ ਨੌਜਵਾਨ ਤੁਸ਼ਾਰ ਸ਼ਰਮਾ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਕੈਨੇਡੀਅਨ ਕਤਲ ਜਾਂਚ ਟੀਮ ਨੂੰ ਸ਼ੱਕ ਹੈ ਕਿ ਤੁਸ਼ਾਰ ਸ਼ਰਮਾ ਦੀ ਹੱਤਿਆ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕਤਲ ਤੋਂ ਬਾਅਦ ਸਬੂਤ ਨਸ਼ਟ ਕਰਨ ਦੇ ਇਰਾਦੇ ਨਾਲ ਕਾਰ ਨੂੰ ਅੱਗ ਲਗਾਈ ਗਈ ਹੋ ਸਕਦੀ ਹੈ। ਮਾਮਲੇ ਦੀ ਜਾਂਚ ਕਰ ਰਹੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਮੰਗਲਵਾਰ ਨੂੰ ਜਨਤਕ ਅਪੀਲ ਜਾਰੀ ਕਰਦਿਆਂ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਕੀਤਾ। ਟੀਮ ਮੁਤਾਬਕ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਸੀ। ਹਾਲਾਂਕਿ, ਕਤਲ ਪਿੱਛੇ ਅਸਲ ਕਾਰਨ ਜਾਂ ਮਕਸਦ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।IHIT ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਤੁਸ਼ਾਰ ਸ਼ਰਮਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਕੈਨੇਡਾ ਵਿੱਚ ਉਸ ਦੇ ਜਾਣੇ-ਪਛਾਣੇ ਸੰਪਰਕ ਵੀ ਕਾਫ਼ੀ ਸੀਮਤ ਸਨ। ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਗ ਲੱਗਣ ਤੋਂ ਪਹਿਲਾਂ ਕੀ ਕੁਝ ਵਾਪਰਿਆ ਸੀ ਅਤੇ ਮੌਤ ਤੋਂ ਪਹਿਲਾਂ ਤੁਸ਼ਾਰ ਕਿੱਥੇ ਗਿਆ ਸੀ ਤੇ ਕਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਸੀ। ਇਹ ਮਾਮਲਾ 29 ਅਕਤੂਬਰ ਨੂੰ ਸਾਹਮਣੇ ਆਇਆ ਸੀ, ਜਦੋਂ ਐਮਰਜੈਂਸੀ ਸੇਵਾਵਾਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿੱਚ ਰਾਵਲੀਸਨ ਕ੍ਰੀਸੈਂਟ ਦੇ 23300 ਬਲਾਕ ਵਿੱਚ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਐਮਰਜੈਂਸੀ ਟੀਮਾਂ ਨੇ ਜਦੋਂ ਅੱਗ ਬੁਝਾਉਣ ਦੀ ਕਾਰਵਾਈ ਕੀਤੀ ਤਾਂ ਕਾਰ ਦੇ ਅੰਦਰੋਂ ਮਨੁੱਖੀ ਅਵਸ਼ੇਸ਼ ਮਿਲੇ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਤਲ ਦੇ ਮਾਮਲੇ ਵਜੋਂ ਸ਼ੁਰੂ ਕੀਤੀ ਗਈ।IHIT ਦੀ ਬੁਲਾਰਾ ਸਾਰਜੈਂਟ ਫਰੀਦਾ ਫੋਂਗ (Sgt. Freda Fong) ਨੇ ਦੱਸਿਆ ਕਿ ਜਾਂਚਕਰਤਾ ਤੁਸ਼ਾਰ ਸ਼ਰਮਾ ਦੀ ਮੌਤ ਤੋਂ ਪਹਿਲਾਂ ਦੀ ਜੀਵਨ ਸ਼ੈਲੀ ਅਤੇ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਇਸ ਸਬੰਧ ਵਿੱਚ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਮੌਤ ਤੋਂ ਪਹਿਲਾਂ ਦੀਆਂ ਘਟਨਾਵਾਂ ਦੀ ਪੂਰੀ ਲੜੀ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਤੁਸ਼ਾਰ ਨਾਲ ਆਖ਼ਰੀ ਸਮੇਂ ਵਿੱਚ ਕੀ ਵਾਪਰਿਆ ਸੀ।ਇਸ ਦੇ ਨਾਲ ਹੀ ਜਾਂਚਕਰਤਾਵਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ 29 ਅਕਤੂਬਰ ਤੋਂ ਪਹਿਲਾਂ ਤੁਸ਼ਾਰ ਸ਼ਰਮਾ ਦੀਆਂ ਗਤੀਵਿਧੀਆਂ, ਉਸ ਦੇ ਆਉਣ-ਜਾਣ ਜਾਂ ਉਸ ਦੀ ਮੌਤ ਨਾਲ ਜੁੜੇ ਹਾਲਾਤਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ। ਜਾਂਚ ਵਿੱਚ ਮਦਦ ਕਰਨ ਵਾਲਾ ਕੋਈ ਵੀ ਵਿਅਕਤੀ IHIT ਨਾਲ 1-877-551-4448 ਨੰਬਰ 'ਤੇ ਸੰਪਰਕ ਕਰ ਸਕਦਾ ਹੈ ਜਾਂ ihitinfo@rcmp-grc.gc.ca 'ਤੇ ਈਮੇਲ ਭੇਜ ਸਕਦਾ ਹੈ
Canada British Columbia Langley Tushar Sharma Indian Man Murder Targeted Killing Canada Crime News Ihit Investigation Human Remains Car Fire Rcmp Breaking News