November 18, 2026
ਕੁਲਗਾਮ ਮੁਕਾਬਲੇ ’ਚ ਲਸ਼ਕਰ ਕਮਾਂਡਰ ਲਤੀਫ਼ ਭੱਟ ਢੇਰ, ਕਸ਼ਮੀਰ ਵਾਦੀ ਦਾ ਆਖ਼ਰੀ ਸਥਾਨਕ ਅਤਿਵਾਦੀ ਵੀ ਮਾਰਿਆ ਗਿਆ
Prabhsimran Singh / Kulgam
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨੇ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਲਸ਼ਕਰ-ਏ-ਤੋਇਬਾ (LeT) ਦੇ ਕਮਾਂਡਰ ਮੁਹੰਮਦ ਲਤੀਫ਼ ਭੱਟ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ। 22 ਸਾਲਾ ਲਤੀਫ਼ ਭੱਟ ਪਿਛਲੇ ਹਫ਼ਤੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ’ਤੇ ਹੋਏ ਹਮਲੇ ਸਮੇਤ ਦੱਖਣੀ ਕਸ਼ਮੀਰ ਵਿੱਚ ਵਾਪਰੀਆਂ ਕਈ ਅਤਿਵਾਦੀ ਘਟਨਾਵਾਂ ਵਿੱਚ ਲੋੜੀਂਦਾ ਸੀ। ਇਸ ਹਮਲੇ ਵਿੱਚ ਤਿੰਨ ਸੀਆਰਪੀਐੱਫ ਜਵਾਨ ਜ਼ਖ਼ਮੀ ਹੋਏ ਸਨ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਦੱਖਣੀ ਕਸ਼ਮੀਰ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਲਤੀਫ਼ ਭੱਟ ਦੇ ਮਾਰੇ ਜਾਣ ਨੂੰ ਸੁਰੱਖਿਆ ਏਜੰਸੀਆਂ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਉਸ ਨੇ ਪਿਛਲੇ ਸਾਲ 18 ਨਵੰਬਰ ਨੂੰ ਅਤਿਵਾਦ ਦਾ ਰਾਹ ਫੜਿਆ ਸੀ ਅਤੇ ਠੀਕ ਇਕ ਸਾਲ ਬਾਅਦ 18 ਨਵੰਬਰ ਨੂੰ ਹੀ ਉਹ ਸੁਰੱਖਿਆ ਬਲਾਂ ਦੇ ਮੁਕਾਬਲੇ ਵਿੱਚ ਮਾਰਿਆ ਗਿਆ। ਉਸ ਨੂੰ ਕਸ਼ਮੀਰ ਵਾਦੀ ਦਾ ਆਖ਼ਰੀ ਸਰਗਰਮ ਸਥਾਨਕ ਅਤਿਵਾਦੀ ਮੰਨਿਆ ਜਾ ਰਿਹਾ ਸੀ। ਉਸ ਦੇ ਖ਼ਾਤਮੇ ਨਾਲ ਸਰਕਾਰੀ ਰਿਕਾਰਡਾਂ ਮੁਤਾਬਕ ਵਾਦੀ ਵਿੱਚ ਹੁਣ ਕੋਈ ਵੀ ਸਥਾਨਕ ਅਤਿਵਾਦੀ ਸਰਗਰਮ ਨਹੀਂ ਬਚਿਆ ਹੈ। ਹਾਲਾਂਕਿ, ਵਿਦੇਸ਼ੀ ਅਤਿਵਾਦੀ ਅਜੇ ਵੀ ਖੇਤਰ ਵਿੱਚ ਸਰਗਰਮ ਹਨ।ਲਤੀਫ਼ ਭੱਟ ਦੱਖਣੀ ਕਸ਼ਮੀਰ ਵਿੱਚ ਲਗਾਤਾਰ ਅਤਿਵਾਦੀ ਹਮਲਿਆਂ ਨੂੰ ਅੰਜਾਮ ਦੇ ਕੇ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ। ਜੰਮੂ-ਕਸ਼ਮੀਰ ਪੁਲੀਸ ਅਨੁਸਾਰ ਉਹ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਹੋਏ ਕਈ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸੀ। ਉਸ ਦੇ ਮਾਰੇ ਜਾਣ ਨਾਲ ਸੁਰੱਖਿਆ ਏਜੰਸੀਆਂ ਨੇ ਵਾਦੀ ਦੇ ਸਥਾਨਕ ਅਤਿਵਾਦੀ ਨੈੱਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ। ਦੂਜੇ ਪਾਸੇ, ਵਿਦੇਸ਼ੀ ਅਤਿਵਾਦੀਆਂ ਦੀ ਸਹੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ, ਕਿਉਂਕਿ ਉਹ ਲਗਾਤਾਰ ਆਪਣੇ ਟਿਕਾਣੇ ਬਦਲਦੇ ਰਹਿੰਦੇ ਹਨ।ਕਾਲਜ ਦੀ ਪੜ੍ਹਾਈ ਵਿਚਾਲੇ ਛੱਡਣ ਵਾਲਾ ਲਤੀਫ਼ ਭੱਟ ਸਾਲ 2025 ਦੇ ਸ਼ੁਰੂ ਵਿੱਚ ਕੁਲਗਾਮ ਸਥਿਤ ਆਪਣੇ ਘਰੋਂ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਲਸ਼ਕਰ-ਏ-ਤੋਇਬਾ ਦੇ ਪਰਛਾਵੇਂ ਵਾਲੇ ਸੰਗਠਨ ਮੰਨੇ ਜਾਂਦੇ 'ਕਸ਼ਮੀਰ ਰੈਵੋਲਿਊਸ਼ਨਰੀ ਆਰਮੀ' ਨੇ ਉਸ ਦੇ ਅਤਿਵਾਦੀ ਸੰਗਠਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ ਉਹ ਲਸ਼ਕਰ ਦੇ ਅਤਿਵਾਦੀ ਜ਼ਾਕਿਰ ਅਹਿਮਦ ਗਨਈ ਦੇ ਪ੍ਰਭਾਵ ਹੇਠ ਆਇਆ ਸੀ। ਹਾਲਾਂਕਿ, ਉਹ ਪਿਛਲੇ ਸਾਲ ਹੀ ਅਤਿਵਾਦੀ ਬਣ ਗਿਆ ਸੀ, ਪਰ ਸੁਰੱਖਿਆ ਏਜੰਸੀਆਂ ਦੀ ਨਜ਼ਰ ਵਿੱਚ ਇਸ ਸਾਲ ਜੁਲਾਈ ਦੇ ਸ਼ੁਰੂ ਵਿੱਚ ਆਇਆ। ਉਸ ਸਮੇਂ ਜ਼ਾਕਿਰ ਅਹਿਮਦ ਗਨਈ ਨਾਲ ਉਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਸਨ। ਬਾਅਦ ਵਿੱਚ ਗਨਈ ਸ਼ੋਪੀਆਂ ਵਿੱਚ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ, ਜਦਕਿ ਲਤੀਫ਼ ਭੱਟ ਉੱਥੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ ਸੀ।ਸੁਰੱਖਿਆ ਏਜੰਸੀਆਂ ਅਨੁਸਾਰ ਗਨਈ ਦੇ ਮਾਰੇ ਜਾਣ ਤੋਂ ਬਾਅਦ ਲਤੀਫ਼ ਭੱਟ ਨੇ ਦੱਖਣੀ ਕਸ਼ਮੀਰ ਵਿੱਚ ਕਈ ਵੱਡੀਆਂ ਅਤਿਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ। 22 ਜੁਲਾਈ ਨੂੰ ਉਸ ਨੇ ਅਨੰਤਨਾਗ ਵਿੱਚ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਤਾਇਨਾਤ ਇਕ ਪੁਲੀਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੂੰ ਦੱਖਣੀ ਕਸ਼ਮੀਰ ਦੇ ਰਸਤੇ ਅਮਰਨਾਥ ਯਾਤਰਾ ਨੂੰ ਸੀਮਤ ਕਰਨਾ ਪਿਆ ਸੀ। ਇਸ ਵਾਰਦਾਤ ਤੋਂ ਕੁਝ ਦਿਨ ਬਾਅਦ ਹੀ ਉਸ ਨੇ ਕੁਲਗਾਮ ਦੇ ਅਖਰਾਨ ਪਿੰਡ ਨੇੜੇ ਕੇਲਮ ਇਲਾਕੇ ਵਿੱਚ ਦੋ ਪਰਵਾਸੀ ਮਜ਼ਦੂਰਾਂ ਦਾ ਕਤਲ ਕਰ ਦਿੱਤਾ ਸੀ। ਲਗਾਤਾਰ ਵਧ ਰਹੀਆਂ ਅਤਿਵਾਦੀ ਘਟਨਾਵਾਂ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਪੁਲੀਸ ਨੇ ਅਗਸਤ ਮਹੀਨੇ ਵਿੱਚ ਲਤੀਫ਼ ਭੱਟ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 15 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਇਸ ਸਬੰਧੀ ਪੂਰੀ ਵਾਦੀ ਵਿੱਚ ਵੱਖ-ਵੱਖ ਥਾਵਾਂ ’ਤੇ ਪੋਸਟਰ ਵੀ ਲਗਾਏ ਗਏ ਸਨ।ਲਤੀਫ਼ ਭੱਟ ਦੇ ਮਾਰੇ ਜਾਣ ਨਾਲ ਦੱਖਣੀ ਕਸ਼ਮੀਰ ਵਿੱਚ ਸਥਾਨਕ ਨੌਜਵਾਨਾਂ ਨੂੰ ਅਤਿਵਾਦ ਵੱਲ ਧੱਕਣ ਵਾਲੇ ਨੈੱਟਵਰਕ ਨੂੰ ਵੀ ਵੱਡਾ ਝਟਕਾ ਲੱਗਾ ਹੈ। ਸੁਰੱਖਿਆ ਏਜੰਸੀਆਂ ਨੂੰ ਖ਼ਦਸ਼ਾ ਸੀ ਕਿ ਜੇਕਰ ਭੱਟ ਲੰਬੇ ਸਮੇਂ ਤੱਕ ਸਰਗਰਮ ਰਹਿੰਦਾ ਤਾਂ ਉਹ ਹੋਰ ਸਥਾਨਕ ਨੌਜਵਾਨਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ ਕੇ ਅਤਿਵਾਦੀ ਸੰਗਠਨਾਂ ਵਿੱਚ ਸ਼ਾਮਲ ਕਰਵਾ ਸਕਦਾ ਸੀ। ਇਸ ਦੀ ਇਕ ਉਦਾਹਰਨ ਲਾਰੂ ਮੁਕਾਬਲੇ ਵਿੱਚ ਮਾਰੇ ਗਏ ਉਮਰ ਨਿਸਾਰ ਡਾਰ ਦਾ ਮਾਮਲਾ ਵੀ ਹੈ। ਉਮਰ ਨਿਸਾਰ ਡਾਰ 10 ਨਵੰਬਰ ਤੋਂ ਲਾਪਤਾ ਸੀ ਅਤੇ ਅਤਿਵਾਦੀ ਬਣਨ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਲਤੀਫ਼ ਭੱਟ ਦੀ ਮਦਦ ਕਰਦਾ ਰਿਹਾ ਸੀ। ਇਸ ਲਈ ਭੱਟ ਦਾ ਖ਼ਾਤਮਾ ਸੁਰੱਖਿਆ ਬਲਾਂ ਲਈ ਸਿਰਫ਼ ਇਕ ਅਤਿਵਾਦੀ ਦੀ ਮੌਤ ਨਹੀਂ, ਸਗੋਂ ਦੱਖਣੀ ਕਸ਼ਮੀਰ ਵਿੱਚ ਅਤਿਵਾਦੀ ਭਰਤੀ ਦੇ ਨੈੱਟਵਰਕ ਨੂੰ ਕਮਜ਼ੋਰ ਕਰਨ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।
Jammu Kashmir Kulgam Encounter Mohammad Latif Bhat Lashkar E Taiba Let Commander Indian Security Forces Kashmir News Crpf Attack Terrorism South Kashmir Jammu Kashmir Police Counter Terrorism Operation