October 25, 2026
ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ 30 ਅਕਤੂਬਰ ਨੂੰ ਹੀ ਹੋਵੇਗਾ,
Prabhsimran Singh / Delhi
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦਿੱਲੀ ਕੰਸਰਟ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਸੀ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਸ਼ੋਅ ਦੇ ਮੁਲਤਵੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਵੀ ਇਸ ਨੂੰ ਲੈ ਕੇ ਅਸਮੰਜਸ ਬਣਿਆ ਹੋਇਆ ਸੀ। ਹੁਣ ਦਿਲਜੀਤ ਦੋਸਾਂਝ ਨੇ ਇਨ੍ਹਾਂ ਅਟਕਲਾਂ ’ਤੇ ਸਪੱਸ਼ਟ ਜਵਾਬ ਦਿੰਦਿਆਂ ਪੁਸ਼ਟੀ ਕੀਤੀ ਹੈ ਕਿ ਉਹ 30 ਅਕਤੂਬਰ ਨੂੰ ਦਿੱਲੀ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਮਿਲਣਗੇ। ਇੱਕ ਲਾਈਵ ਸੈਸ਼ਨ ਦੌਰਾਨ ਦਿਲਜੀਤ ਨੇ ਉਨ੍ਹਾਂ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੱਤੀ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਸੁਰੱਖਿਆ ਚਿੰਤਾਵਾਂ ਕਾਰਨ ਦਿੱਲੀ ਪੁਲੀਸ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਦੇ ਮੱਦੇਨਜ਼ਰ ਉਨ੍ਹਾਂ ਦਾ ਕੰਸਰਟ ਮੁਲਤਵੀ ਕਰ ਦਿੱਤਾ ਗਿਆ ਹੈ। ਗਾਇਕ ਨੇ ਇਨ੍ਹਾਂ ਖ਼ਬਰਾਂ ਅਤੇ ਸੋਸ਼ਲ ਮੀਡੀਆ ’ਤੇ ਹੋ ਰਹੀਆਂ ਚਰਚਾਵਾਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਕਿਸੇ ਵੀ ਖ਼ਬਰ ਨੂੰ ਰੀਲਾਂ, ਟਵੀਟਾਂ ਅਤੇ ਨਿਊਜ਼ਰੂਮ ਦੀਆਂ ਬਹਿਸਾਂ ਦਾ ਵਿਸ਼ਾ ਬਣਾਉਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਦਿਲਜੀਤ ਨੇ ਲਾਈਵ ਸੈਸ਼ਨ ਵਿੱਚ ਕਿਹਾ ਕਿ ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਰੀਲਾਂ ਬਣਾਈਆਂ ਜਾ ਰਹੀਆਂ ਸਨ, ਟਵੀਟ ਕੀਤੇ ਜਾ ਰਹੇ ਸਨ ਅਤੇ ਨਿਊਜ਼ਰੂਮਾਂ ਵਿੱਚ ਬਹਿਸਾਂ ਚੱਲ ਰਹੀਆਂ ਸਨ। ਉਨ੍ਹਾਂ ਕਿਹਾ, “ਹੁਣ ਮਿਲਦੇ ਹਾਂ 30 ਤਾਰੀਖ਼ ਨੂੰ ਦਿੱਲੀ ਵਿੱਚ। ਪਹਿਲਾਂ ਖ਼ਬਰ ਪਤਾ ਕਰ ਲਿਆ ਕਰੋ, ਕੱਚਾ ਧੂੰਆਂ ਮਾਰੀ ਜਾ ਰਹੇ ਹੋ। ਕੱਚਾ ਧੂੰਆਂ ਮਾਰਨ ਨਾਲੋਂ ਚੰਗਾ ਹੈ ਪਹਿਲਾਂ ਗੱਲ ਪਤਾ ਕਰ ਲਿਆ ਕਰੋ।” ਗਾਇਕ ਨੇ ਅੱਗੇ ਕਿਹਾ ਕਿ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਬਹਿਸਾਂ ਅਤੇ ਟਵੀਟਾਂ ਦਾ ਸਿਲਸਿਲਾ ਜਾਰੀ ਰੱਖਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦਿਨ ਚੰਗਾ ਹੋਣ ਕਰਕੇ ਉਨ੍ਹਾਂ ਨੇ ਲਾਈਵ ਆਉਣ ਦਾ ਫ਼ੈਸਲਾ ਕੀਤਾ, ਕਿਉਂਕਿ ਉਨ੍ਹਾਂ ਨੇ ਕਈ ਗੱਲਾਂ ਵੀ ਸਾਂਝੀਆਂ ਕਰਨੀਆਂ ਸਨ। ਦਿਲਜੀਤ ਦੋਸਾਂਝ ਨੇ ਲਾਈਵ ਸੈਸ਼ਨ ਦੇ ਅੰਤ ਵਿੱਚ ਮੁੜ ਸਪੱਸ਼ਟ ਕੀਤਾ ਕਿ ਉਹ 30 ਅਕਤੂਬਰ ਨੂੰ ਦਿੱਲੀ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਮੁਲਾਕਾਤ ਕਰਨਗੇ। ਇਸ ਬਿਆਨ ਨਾਲ ਉਨ੍ਹਾਂ ਨੇ ਕੰਸਰਟ ਮੁਲਤਵੀ ਹੋਣ ਸਬੰਧੀ ਚੱਲ ਰਹੀਆਂ ਅਟਕਲਾਂ ਨੂੰ ਖ਼ਾਰਜ ਕੀਤਾ ਹੈ।
Diljit Dosanjh Delhi Concert Punjabi Singer October 30 Concert Delhi News Live Session Concert Update Entertainment News Social Media Punjabi Entertainment