November 21, 2026
ਵਿਸਲਰ ਡਬਲ ਕਤਲ ਮਾਮਲੇ 'ਚ ਪੰਜਾਬ ਨਾਲ ਸਬੰਧਤ ਗੁਰਸਿਮਰਨ ਸਹੋਤਾ ਨੂੰ ਉਮਰ ਕੈਦ, 25 ਸਾਲ ਤੱਕ ਪੈਰੋਲ ਨਹੀਂ
Prabhsimran Singh / Canada
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿਸਲਰ ਵਿੱਚ 2022 ਦੌਰਾਨ ਹੋਏ ਦੋਹਰੇ ਕਤਲ ਮਾਮਲੇ ਵਿੱਚ ਪੰਜਾਬ ਨਾਲ ਸਬੰਧਤ ਭਾਰਤੀ ਮੂਲ ਦੇ ਗੁਰਸਿਮਰਨ ਸਹੋਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ 29 ਸਾਲਾ ਸਹੋਤਾ ਨੂੰ ਮਨਿੰਦਰ ਧਾਲੀਵਾਲ ਦੇ ਫਸਟ-ਡਿਗਰੀ ਕਤਲ ਅਤੇ ਉਸਦੇ ਦੋਸਤ ਸਤਿੰਦਰ ਗਿੱਲ ਦੇ ਸੈਕਿੰਡ-ਡਿਗਰੀ ਕਤਲ ਲਈ ਦੋ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਹਨ। ਉਸ ਨੂੰ 25 ਸਾਲ ਤੱਕ ਪੈਰੋਲ ਨਹੀਂ ਮਿਲ ਸਕੇਗੀ। ਜਸਟਿਸ ਮੀਰੀਅਮ ਗ੍ਰੋਪਰ ਨੇ ਸ਼ੁੱਕਰਵਾਰ ਨੂੰ ਸਹੋਤਾ ਦੀਆਂ ਦੋਵੇਂ ਸਜ਼ਾਵਾਂ ਨਾਲੋ-ਨਾਲ ਚਲਾਉਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਉਸ 'ਤੇ ਜੀਵਨ ਭਰ ਲਈ ਹਥਿਆਰ ਰੱਖਣ ਦੀ ਪਾਬੰਦੀ ਲਗਾਈ ਗਈ ਹੈ ਅਤੇ ਡੀਐਨਏ ਸਬੰਧੀ ਹੁਕਮ ਵੀ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਹੋਤਾ ਦੇ ਸਾਥੀ 25 ਸਾਲਾ ਤਨਵੀਰ ਖੱਖ ਨੂੰ ਵੀ ਬੁੱਧਵਾਰ ਨੂੰ ਮਨਿੰਦਰ ਧਾਲੀਵਾਲ ਦੇ ਫਸਟ-ਡਿਗਰੀ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਖੱਖ ਨੂੰ ਵੀ 25 ਸਾਲ ਤੱਕ ਪੈਰੋਲ ਦੀ ਕੋਈ ਸੰਭਾਵਨਾ ਨਹੀਂ ਹੈ। ਚਾਰ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਸਤੰਬਰ ਵਿੱਚ ਜਿਊਰੀ ਨੇ ਦੋਵਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਊਰੀ ਨੇ ਮਨਿੰਦਰ ਧਾਲੀਵਾਲ ਦੇ ਕਤਲ ਵਿੱਚ ਦੋਵਾਂ ਨੂੰ ਦੋਸ਼ੀ ਪਾਇਆ, ਜਦਕਿ ਸਤਿੰਦਰ ਗਿੱਲ ਦੇ ਕਤਲ ਲਈ ਸਿਰਫ਼ ਗੁਰਸਿਮਰਨ ਸਹੋਤਾ ਨੂੰ ਦੋਸ਼ੀ ਠਹਿਰਾਇਆ ਗਿਆ। ਜਿਊਰੀ ਦੇ ਵਿਚਾਰ-ਵਟਾਂਦਰੇ ਸ਼ੁਰੂ ਹੋਣ ਤੋਂ ਪਹਿਲਾਂ ਜੱਜ ਨੇ ਤਨਵੀਰ ਖੱਖ ਨੂੰ ਦੂਜੇ ਕਤਲ ਦੇ ਦੋਸ਼ ਤੋਂ ਬਰੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਦੋਹਰਾ ਕਤਲ 24 ਜੁਲਾਈ, 2022 ਨੂੰ ਵਿਸਲਰ ਵਿਲੇਜ ਦੇ ਸਨਡਾਇਲ ਹੋਟਲ ਦੇ ਬਾਹਰ ਹੋਇਆ ਸੀ। ਦੋਵੇਂ ਪੀੜਤ ਸਨਡਾਇਲ ਕ੍ਰੇਸੈਂਟ ਦੇ 4300 ਬਲਾਕ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਸਨ। ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਲਿਜਾਣ ਤੋਂ ਬਾਅਦ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਂਚ ਦੌਰਾਨ ਇਸ ਗੋਲੀਬਾਰੀ ਨੂੰ ਯੋਜਨਾਬੱਧ ਅਤੇ ਟਾਰਗੇਟਿਡ ਹਮਲਾ ਕਰਾਰ ਦਿੱਤਾ ਸੀ। ਜਾਂਚ ਮੁਤਾਬਕ ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਗੈਂਗ ਵਾਰ ਨਾਲ ਜੁੜੀ ਹੋਈ ਸੀ। ਕੈਨੇਡੀਅਨ ਕਾਨੂੰਨ ਅਨੁਸਾਰ ਫਸਟ-ਡਿਗਰੀ ਕਤਲ ਵਿੱਚ ਆਪਣੇ ਆਪ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਅਤੇ ਦੋਸ਼ੀ 25 ਸਾਲ ਬਾਅਦ ਪੈਰੋਲ ਲਈ ਯੋਗ ਹੋ ਸਕਦਾ ਹੈ। ਸੈਕਿੰਡ-ਡਿਗਰੀ ਕਤਲ ਵਿੱਚ ਵੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਹਾਲਾਂਕਿ ਪੈਰੋਲ ਲਈ ਯੋਗਤਾ ਦੀ ਮਿਆਦ ਅਦਾਲਤ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ।
Whistler Double Murder Gursimran Sahota Tanveer Khakh Maninder Dhaliwal Satinder Gill British Columbia Canada Crime News Gang Violence Targeted Shooting Life Imprisonment Rcmp Ihit