November 21, 2026
ਦਿੱਲੀ 'ਚ ਨਕਲੀ ਸਿਗਰਟਾਂ ਦੀ ਸਪਲਾਈ ਕਰਨ ਵਾਲਾ 20 ਸਾਲਾ ਨੌਜਵਾਨ ਗ੍ਰਿਫ਼ਤਾਰ, 2.69 ਲੱਖ ਸਿਗਰਟਾਂ ਬਰਾਮਦ; ਸੋਨੀਪਤ 'ਚ ਗੈਰ-ਕਾਨੂੰਨੀ ਫੈਕਟਰੀ ਦਾ ਪਰਦਾਫਾਸ਼
Prabhsimran Singh / Delhi
ਦਿੱਲੀ ਵਿੱਚ ਕਥਿਤ ਤੌਰ 'ਤੇ ਨਕਲੀ ਸਿਗਰਟਾਂ ਦੀ ਸਪਲਾਈ ਕਰਨ ਦੇ ਦੋਸ਼ ਹੇਠ ਪੁਲੀਸ ਨੇ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਕੁਨਾਲ ਵਜੋਂ ਹੋਈ ਹੈ। ਪੁਲੀਸ ਨੇ ਉਸ ਕੋਲੋਂ 2.69 ਲੱਖ ਤੋਂ ਵੱਧ ਨਕਲੀ ਸਿਗਰਟਾਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲੀਸ ਨੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਸ਼ੱਕੀ ਗੈਰ-ਕਾਨੂੰਨੀ ਸਿਗਰਟ ਨਿਰਮਾਣ ਇਕਾਈ ਦਾ ਵੀ ਪਰਦਾਫਾਸ਼ ਕੀਤਾ ਹੈ। ਪੁਲੀਸ ਅਨੁਸਾਰ, 19 ਨਵੰਬਰ ਨੂੰ ਕੁਨਾਲ ਨੂੰ ਦਿੱਲੀ ਦੇ ਰੋਹਿਣੀ ਸੈਕਟਰ-3 ਵਿੱਚ ਉਸ ਸਮੇਂ ਰੋਕਿਆ ਗਿਆ, ਜਦੋਂ ਉਹ ਇੱਕ ਪਿਕਅੱਪ ਵਾਹਨ ਵਿੱਚ ਸਿਗਰਟਾਂ ਦੀ ਖੇਪ ਲੈ ਕੇ ਜਾ ਰਿਹਾ ਸੀ। ਵਾਹਨ ਦੀ ਤਲਾਸ਼ੀ ਦੌਰਾਨ ਪੁਲੀਸ ਨੇ ਕੁੱਲ 2,69,600 ਨਕਲੀ ਸਿਗਰਟਾਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ ਸਿਗਰਟਾਂ ਦੀ ਸਪਲਾਈ ਲਈ ਵਰਤੇ ਜਾ ਰਹੇ ਵਾਹਨ ਨੂੰ ਵੀ ਜ਼ਬਤ ਕਰ ਲਿਆ ਗਿਆ।ਪੁੱਛਗਿੱਛ ਦੌਰਾਨ ਮੁਲਜ਼ਮ ਕੁਨਾਲ ਨੇ ਕਥਿਤ ਤੌਰ 'ਤੇ ਦੱਸਿਆ ਕਿ ਇਹ ਸਿਗਰਟਾਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਕੁੰਡਲੀ ਇਲਾਕੇ ਵਿੱਚ ਪੈਂਦੇ ਪਿੰਡ ਨੱਥੂਪੁਰ ਦੀ ਇੱਕ ਗੈਰ-ਕਾਨੂੰਨੀ ਨਿਰਮਾਣ ਇਕਾਈ ਤੋਂ ਸਪਲਾਈ ਕੀਤੀਆਂ ਗਈਆਂ ਸਨ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲੀਸ ਟੀਮ ਨੇ ਉਕਤ ਟਿਕਾਣੇ 'ਤੇ ਛਾਪੇਮਾਰੀ ਕੀਤੀ ਅਤੇ ਸ਼ੱਕੀ ਸਿਗਰਟ ਨਿਰਮਾਣ ਇਕਾਈ ਦਾ ਪਰਦਾਫਾਸ਼ ਕੀਤਾ। ਪੁਲੀਸ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਉੱਥੋਂ 97 ਕਿਲੋਗ੍ਰਾਮ ਨਕਲੀ ਸਿਗਰਟਾਂ ਦੇ ਡੱਬਿਆਂ ਦੇ ਕਵਰ, 20.4 ਕਿਲੋਗ੍ਰਾਮ ਨਕਲੀ ਫਿਲਟਰ ਰੋਲ ਅਤੇ 17.7 ਕਿਲੋਗ੍ਰਾਮ ਸਾਦੇ ਚਿੱਟੇ ਫਿਲਟਰ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੌਕੇ ਤੋਂ ਸਿਗਰਟ ਬਣਾਉਣ ਵਾਲੀ ਇੱਕ ਮਸ਼ੀਨ ਅਤੇ ਪੈਕਿੰਗ ਕਰਨ ਵਾਲੀਆਂ ਦੋ ਰੈਪਰ ਮਸ਼ੀਨਾਂ ਵੀ ਜ਼ਬਤ ਕੀਤੀਆਂ ਗਈਆਂ ਹਨ।ਇਸ ਮਾਮਲੇ ਵਿੱਚ ਸਾਊਥ ਰੋਹਿਣੀ ਥਾਣੇ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਹੁਣ ਇਸ ਨਕਲੀ ਸਿਗਰਟਾਂ ਦੀ ਸਪਲਾਈ ਚੇਨ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
Delhi Fake Cigarettes Counterfeit Cigarettes Kunal Arrested Rohini Sonipat Haryana Police Illegal Cigarette Factory Cigarette Smuggling Police Investigation