September 12, 2025
Bhavika / Patiala
ਧੜੱਲੇਦਾਰ ਬਿਊਰੋ
ਨਗਰ ਨਿਗਮ ਨੇ ਭਾਦਸੋਂ ਰੋਡ 'ਤੇ ਕੂੜੇ ਦਾ ਢੇਰ ਬਣ ਰਹੇ ‘ਸੈਕੰਡਰੀ ਵੇਸਟ ਕੁਲੈਕਸ਼ਨ ਪੁਆਇੰਟ’ ਨੂੰ ਪੱਕੇ ਤੌਰ ‘ਤੇ ਕੀਤਾ ਸਾਫ਼
ਪਟਿਆਲਾ, 12 ਸਤੰਬਰ 2025 :
ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਵਾਤਾਵਰਣ ਅਨੁਕੂਲ ਸ਼ਹਿਰ ਬਣਾਉਣ ਵੱਲ ਨਗਰ ਨਿਗਮ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਨਗਰ ਨਿਗਮ ਨੇ ਭਾਦਸੋਂ ਰੋਡ ‘ਤੇ ਕੇਂਦਰੀ ਜੇਲ੍ਹ ਦੇ ਨੇੜੇ ਸਥਿਤ ਸੈਕੰਡਰੀ ਕੂੜਾ ਇਕੱਠਾ ਕਰਨ ਵਾਲੇ ਸਥਾਨ ਨੂੰ ਪੱਕੇ ਤੌਰ ‘ਤੇ ਸਾਫ਼ ਕਰਕੇ ਇੱਥੋਂ ਕੂੜੇ ਦੇ ਢੇਰ ਨੂੰ ਹਟਾ ਦਿੱਤਾ ਹੈ। ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸਫਾਈ ਮੁਹਿੰਮ ਦੌਰਾਨ ਨਗਰ ਨਿਗਮ ਦੀ ਸਿਹਤ ਵਿਭਾਗ ਟੀਮ ਵੱਲੋਂ ਇਸ ਸਥਾਨ ਦੀ ਸਫਾਈ ਕੀਤੀ ਗਈ। ਇਹ ਥਾਂ ਹੁਣ ਸੁੰਦਰਤਾ ਅਤੇ ਵਾਤਾਵਰਣਕ ਸੁਧਾਰ ਲਈ ਨਿਰਧਾਰਤ ਕੀਤੀ ਗਈ ਹੈ। ਮੇਅਰ ਗੋਗੀਆ ਨੇ ਕਿਹਾ, “ਸਾਡੀ ਪਹਿਲੀ ਤਰਜੀਹ ਪਟਿਆਲਾ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣਾ ਹੈ। ਭਾਦਸੋਂ ਰੋਡ ’ਤੇ ਸੈਕੰਡਰੀ ਕੂੜਾ ਪੁਆਇੰਟ ਹਟਾਉਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਅਸਥਾਈ ਨਹੀਂ, ਸਥਾਈ ਅਤੇ ਟਿਕਾਊ ਹੱਲ ਲੈ ਕੇ ਆ ਰਹੇ ਹਾਂ।” ਉਨ੍ਹਾਂ ਨੇ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਕੂੜਾ ਇਕੱਠਾ ਕਰਨ ਦੀ ਪ੍ਰਣਾਲੀ ਦਾ ਹਿੱਸਾ ਬਣਣ ਅਤੇ ਸਫ਼ਾਈ ਵਿਚ ਸਹਿਯੋਗ ਦੇਣ। ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਲਈ ਇਲੈਕਟ੍ਰਿਕ ਵਾਹਨ ਤਾਇਨਾਤ ਕੀਤੇ ਗਏ ਹਨ। ਇਹ ਵਾਹਨ ਰੇਹੜੀਆਂ ਤੋਂ ਕੂੜਾ ਇਕੱਠਾ ਕਰਕੇ ਸਿੱਧਾ ਮਟੀਰੀਅਲ ਰਿਕਵਰੀ ਫੈਸਿਲਟੀ (MRF) ਜਾਂ ਡੰਪਿੰਗ ਸਾਈਟ ’ਤੇ ਲੈ ਜਾਂਦੇ ਹਨ। ਇਹ ਵਾਤਾਵਰਣ-ਅਨੁਕੂਲ ਉਪਰਾਲਾ ਪਟਿਆਲਾ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਵਿੱਚ ਮਦਦਗਾਰ ਹੈ। ਡਾ. ਨਵਿੰਦਰ ਸਿੰਘ, ਸਿਹਤ ਅਫਸਰ ਨੇ ਦੱਸਿਆ ਕਿ ਹੁਣ ਤੱਕ ਨਗਰ ਨਿਗਮ ਵੱਲੋਂ 42 ਵਿੱਚੋਂ 24 ਸੈਕੰਡਰੀ ਕੂੜਾ ਇਕੱਠਾ ਕਰਨ ਵਾਲੀਆਂ ਥਾਵਾਂ ਹਟਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਥਾਵਾਂ 'ਤੇ ਲੋਕਾਂ ਵੱਲੋਂ ਮੁੜ ਕੂੜਾ ਨਾ ਸੁੱਟਿਆ ਜਾਵੇ, ਇਸ ਲਈ ਉਥੇ ਬੂਟੇ, ਗਮਲੇ ਅਤੇ ਹੋਰ ਸੁੰਦਰਤਾ ਸੰਬੰਧੀ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ’ਤੇ ਕਰਨਾਲ ਜੇਵੀ ਸਿੰਘ, ਦਵਿੰਦਰ ਸਿੰਘ ਵਾਲੀਆ, ਰਜਿੰਦਰ ਮੋਹਨ, ਸੁਸ਼ੀਲ ਮਿੱਡਾ, ਕੌਂਸਲਰ ਜਸਬੀਰ ਗਾਂਧੀ, ਮਨਦੀਪ ਸਿੰਘ ਵਿਰਦੀ, ਕੁਲਵੰਤ ਸਿੰਘ ਕਾਲਕਾ, ਹਰਿੰਦਰ ਸ਼ੁਕਲਾ, ਕੇਵਲ ਬਾਵਾ, ਦਰੋਗਾ ਬਲਜਿੰਦਰ ਸਿੰਘ, ਡਾ. ਨਵਿੰਦਰ ਸਿੰਘ, ਸਹਿਤ ਵਿਭਾਗ ਦੀ ਪੂਰੀ ਟੀਮ ਅਤੇ ਹੋਰ ਅਧਿਕਾਰੀ ਮੌਜੂਦ ਰਹੇ।
Powered by Froala Editor