September 22, 2026
ਕੈਨੇਡਾ 'ਚ ਹਜ਼ਾਰਾਂ ਪਰਵਾਸੀਆਂ ਦਾ ਰੋਸ, Pr ਦਾ ਰਸਤਾ ਖੋਲ੍ਹਣ ਤੇ ਡਿਪੋਰਟੇਸ਼ਨ ਰੋਕਣ ਦੀ ਮੰਗ
Prabhsimran Singh / Canada
ਕੈਨੇਡਾ ਦੀ ਸੰਸਦ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਰਵਾਸੀਆਂ, ਕੌਮਾਂਤਰੀ ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਗੈਰ-ਦਸਤਾਵੇਜ਼ੀ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਕੈਨੇਡਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਪੱਕੀ ਰਿਹਾਇਸ਼ (PR) ਦਾ ਰਸਤਾ ਖੋਲ੍ਹਣ ਅਤੇ ਡਿਪੋਰਟੇਸ਼ਨ ਰੋਕਣ ਦੀ ਮੰਗ ਕੀਤੀ। ਟੋਰਾਂਟੋ ਵਿੱਚ ਮਾਰਚ ਦੁਪਹਿਰ 2 ਵਜੇ Christie Pits Park ਤੋਂ ਸ਼ੁਰੂ ਹੋ ਕੇ Dufferin Grove Park ਤੱਕ ਗਿਆ। ਟੋਰਾਂਟੋ ਪੁਲੀਸ ਮੁਤਾਬਕ ਇਸ ਵਿੱਚ ਕਰੀਬ 600 ਲੋਕ ਸ਼ਾਮਲ ਹੋਏ। Migrant Workers Alliance for Change ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਇਸੇ ਮੁੱਦੇ ਨੂੰ ਲੈ ਕੇ 11 ਮਾਰਚ ਕੱਢੇ ਗਏ। ਜਥੇਬੰਦੀ ਦੀ ਆਗੂ ਸਰੋਮ ਰੋਹ ਮੁਤਾਬਕ ਕਰੀਬ 17 ਲੱਖ ਲੋਕ ਇਸ ਸਮੇਂ ਅਸਥਾਈ ਵਰਕ ਜਾਂ ਸਟੱਡੀ ਪਰਮਿਟਾਂ ’ਤੇ ਕੈਨੇਡਾ ਵਿੱਚ ਰਹਿ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਲੋਕ ਖੇਤੀਬਾੜੀ, ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖਭਾਲ ਸਮੇਤ ਕਈ ਜ਼ਰੂਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਪਰ ਆਪਣੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ। ਰੈਲੀ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ 2019 ਵਿੱਚ ਭਾਰਤ ਤੋਂ ਕੌਮਾਂਤਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਇਸ ਵੇਲੇ ਕਲੋਜ਼ਡ ਵਰਕ ਪਰਮਿਟ ’ਤੇ ਹੈ। ਉਸ ਮੁਤਾਬਕ ਇਮੀਗ੍ਰੇਸ਼ਨ ਸਟੇਟਸ ਦੀ ਅਨਿਸ਼ਚਿਤਤਾ ਕਾਮਿਆਂ ਨੂੰ ਸ਼ੋਸ਼ਣ ਲਈ ਵਧੇਰੇ ਕਮਜ਼ੋਰ ਬਣਾ ਸਕਦੀ ਹੈ। ਪ੍ਰਦਰਸ਼ਨਕਾਰੀਆਂ ਨੇ ਮਹਿੰਗੇ ਕਿਰਾਏ, ਵਧਦੇ ਜੀਵਨ-ਖ਼ਰਚ ਅਤੇ ਕੰਮਕਾਜੀ ਅਸੁਰੱਖਿਆ ਦੇ ਮੁੱਦੇ ਵੀ ਚੁੱਕੇ। ਯੂਗਾਂਡਾ ਤੋਂ ਆਈ ਇੱਕ ਗੈਰ-ਦਸਤਾਵੇਜ਼ੀ ਪ੍ਰਵਾਸੀ ਔਰਤ ਨੇ ਕਿਹਾ ਕਿ ਉਹ ਛੇ ਸਾਲਾਂ ਤੋਂ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਵਿੱਚ ਰਹਿ ਰਹੀ ਹੈ ਅਤੇ ਬਰਾਬਰ ਦੇ ਹੱਕਾਂ ਨਾਲ ਨੌਕਰੀ ਤੇ ਪਰਿਵਾਰ ਨਾਲ ਮੁੜ ਮਿਲਣ ਦਾ ਮੌਕਾ ਚਾਹੁੰਦੀ ਹੈ। ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਏ ਹਨ ਜਦੋਂ ਕੈਨੇਡਾ ਸਰਕਾਰ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਨੂੰ ਹਾਊਸਿੰਗ, ਜਨਤਕ ਸੇਵਾਵਾਂ ਤੇ ਲੇਬਰ ਮਾਰਕੀਟ ਦੀ ਸਮਰੱਥਾ ਨਾਲ ਜੋੜਨ ’ਤੇ ਜ਼ੋਰ ਦੇ ਰਹੀ ਹੈ। 2026-2028 ਦੇ ਇਮੀਗ੍ਰੇਸ਼ਨ ਲੈਵਲਜ਼ ਪਲਾਨ ਤਹਿਤ ਹਰ ਸਾਲ 380,000 PR admissions ਦਾ ਟੀਚਾ ਰੱਖਿਆ ਗਿਆ ਹੈ। ਸਰਕਾਰ ਨੇ 2026 ਅਤੇ 2027 ਵਿੱਚ 33,000 ਤੱਕ skilled temporary workers ਨੂੰ PR ਵਿੱਚ ਤਬਦੀਲ ਕਰਨ ਦੀ ਇੱਕ ਵਾਰ ਦੀ ਯੋਜਨਾ ਵੀ ਰੱਖੀ ਹੈ। ਇਸ ਤਰ੍ਹਾਂ ਇੱਕ ਪਾਸੇ ਸਰਕਾਰ ਵੱਲੋਂ ਅਸਥਾਈ ਵਸਨੀਕਾਂ ਦੀ ਗਿਣਤੀ ਘਟਾਉਣ ਅਤੇ ਇਮੀਗ੍ਰੇਸ਼ਨ ਸਿਸਟਮ ਨੂੰ ਮੁੜ ਸੰਤੁਲਿਤ ਕਰਨ ’ਤੇ ਜ਼ੋਰ ਹੈ, ਜਦਕਿ ਦੂਜੇ ਪਾਸੇ ਪਰਵਾਸੀ ਹੱਕਾਂ ਦੀਆਂ ਜਥੇਬੰਦੀਆਂ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਲਈ ਪੱਕੇ ਸਟੇਟਸ ਦੀ ਮੰਗ ਕਰ ਰਹੀਆਂ ਹਨ।
Canada Immigration Canada Protest Permanent Residence Pr Canada International Students Migrant Workers Refugees Deportation Toronto Protest Immigration Policy Canada News Migrants Rights