October 21, 2026
ਐੱਸਬੀਆਈ ਦੇ 3,897 ਗਾਹਕਾਂ ਦਾ ਡਾਟਾ ਡਾਰਕ ਵੈੱਬ ’ਤੇ ਲੀਕ ਹੋਣ ਦਾ ਖ਼ਦਸ਼ਾ, ਬੈਂਕ ਵੱਲੋਂ ਜਾਂਚ ਸ਼ੁਰੂ
Prabhsimran Singh / India
ਲੀਕ ਹੋਣ ਦੇ ਖ਼ਦਸ਼ੇ ਵਾਲੀ ਜਾਣਕਾਰੀ ਵਿੱਚ ਗਾਹਕਾਂ ਦੇ ਨਾਮ, ਲਿੰਗ, ਜਨਮ ਤਾਰੀਖ਼, ਰਜਿਸਟਰਡ ਮੋਬਾਈਲ ਨੰਬਰ, ਈਮੇਲ ਪਤੇ ਅਤੇ ਰਿਹਾਇਸ਼ੀ ਪਤੇ ਸ਼ਾਮਲ ਹਨ। ਇਸ ਤੋਂ ਇਲਾਵਾ, ਬ੍ਰਾਂਚ ਕੋਡ, ਕਸਟਮਰ ਇਨਫਰਮੇਸ਼ਨ ਫਾਈਲ (CIF) ਆਈਡੈਂਟੀਫਾਇਰ, ਲੀਡ ਆਈਡੀ ਅਤੇ ਕਰਜ਼ਿਆਂ ਨਾਲ ਸਬੰਧਤ ਮੈਟਾਡਾਟਾ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਬੈਂਕ ਨੇ ਆਪਣੀ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਹੈ ਕਿ ਉਸ ਦੀਆਂ ਮੁੱਖ ਬੈਂਕਿੰਗ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ ਅਤੇ ਇਸ ਘਟਨਾ ਕਾਰਨ ਕਾਰੋਬਾਰੀ ਕੰਮਕਾਜ ਵਿੱਚ ਕੋਈ ਰੁਕਾਵਟ ਨਹੀਂ ਆਈ। ਬੈਂਕ ਵੱਲੋਂ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲਾਗੂ ਨਿਯਮਾਂ ਅਨੁਸਾਰ ਲੋੜੀਂਦੇ ਸੁਰੱਖਿਆ ਕਦਮ ਚੁੱਕੇ ਜਾ ਰਹੇ ਹਨ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਪਿਛਲੇ ਹਫ਼ਤੇ CERT-In ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਸੀ ਕਿ ਸਵੈ-ਚਾਲਿਤ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਏਜੰਟਾਂ ਵੱਲੋਂ ਭਾਰਤੀ ਸੰਸਥਾਵਾਂ ਦੇ ਗੁਪਤ ਡਾਟਾ ਅਤੇ ਲਾਈਵ ਸਿਸਟਮਾਂ ਤੱਕ ਅਣਅਧਿਕਾਰਤ ਪਹੁੰਚ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ, ਭਾਰਤ ਦੀ ਪ੍ਰਮੁੱਖ ਪ੍ਰਮਾਣਨ ਅਥਾਰਟੀ eMudhra Ltd ਵਿੱਚ ਵੀ ਸੁਰੱਖਿਆ ਸਬੰਧੀ ਗੰਭੀਰ ਖ਼ਾਮੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨਾਲ ਇੰਟਰਨੈੱਟ ਸੰਚਾਰ ਅਤੇ ਵੈੱਬਸਾਈਟਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਸਾਈਬਰ ਸੁਰੱਖਿਆ ਦੇ ਵਧਦੇ ਖ਼ਤਰਿਆਂ ਦੇ ਮੱਦੇਨਜ਼ਰ ਵਿੱਤੀ ਸੰਸਥਾਵਾਂ ਲਈ ਆਪਣੇ ਡਿਜੀਟਲ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਅਹਿਮ ਹੋ ਗਿਆ ਹੈ।
Sbi State Bank Of India Sbi Data Leak Dark Web Cyber Security Data Breach Sbi Customers Personal Data Leak Cert in Indian Banking Banking News Cyber Attack Artificial Intelligence Emudhra Digital Security