November 10, 2026
Irctc ਦੀ ਵੈੱਬਸਾਈਟ ਤੇ ਐਪ 'ਚ ਆਈ ਦਿੱਕਤ, ਟਿਕਟ ਬੁਕਿੰਗ ਦੌਰਾਨ ਦਿਖਾਈ ਦੇ ਰਿਹਾ 'high Load' ਦਾ ਸੁਨੇਹਾ; ਪੈਸੇ ਕੱਟਣ 'ਤੇ ਕੀ ਕਰੀਏ?
Prabhsimran Singh / Delhi
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੀ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਰੇਲ ਗੱਡੀਆਂ ਦੀਆਂ ਟਿਕਟਾਂ ਬੁੱਕ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿਕਟ ਬੁਕਿੰਗ ਦੌਰਾਨ ਕਈ ਵਰਤੋਂਕਾਰਾਂ ਨੂੰ ਸਕ੍ਰੀਨ 'ਤੇ 'High Load' ਦਾ ਸੁਨੇਹਾ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਬੁਕਿੰਗ ਦੀ ਪ੍ਰਕਿਰਿਆ ਵਿਚਾਲੇ ਹੀ ਰੁਕ ਰਹੀ ਹੈ। ਇਸ ਸਮੱਸਿਆ ਕਾਰਨ ਖ਼ਾਸ ਤੌਰ 'ਤੇ ਤਤਕਾਲ ਟਿਕਟਾਂ ਬੁੱਕ ਕਰਨ ਵਾਲੇ ਯਾਤਰੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਕਈ ਵਰਤੋਂਕਾਰਾਂ ਨੇ ਸ਼ਿਕਾਇਤ ਕੀਤੀ ਕਿ IRCTC ਦੀ ਵੈੱਬਸਾਈਟ ਦਾ ਪੰਨਾ ਖੁੱਲ੍ਹਣ ਵਿੱਚ ਕਾਫ਼ੀ ਸਮਾਂ ਲੱਗ ਰਿਹਾ ਹੈ, ਜਦਕਿ ਕੁਝ ਲੋਕਾਂ ਲਈ ਵੈੱਬਸਾਈਟ ਖੋਲ੍ਹਣਾ ਵੀ ਮੁਸ਼ਕਲ ਹੋ ਗਿਆ। ਯੂਜ਼ਰ ਆਈਡੀ ਅਤੇ ਪਾਸਵਰਡ ਦਰਜ ਕਰਨ ਤੋਂ ਬਾਅਦ ਲੌਗਇਨ ਕਰਨ ਵਿੱਚ ਵੀ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਕਈ ਯਾਤਰੀਆਂ ਨੂੰ ਰੇਲ ਗੱਡੀ ਦੀ ਚੋਣ ਕਰਨ ਅਤੇ ਯਾਤਰੀਆਂ ਦੇ ਵੇਰਵੇ ਭਰਨ ਤੋਂ ਬਾਅਦ ਵੀ ਬੁਕਿੰਗ ਅੱਗੇ ਵਧਾਉਣ ਵਿੱਚ ਸਮੱਸਿਆ ਆਈ।ਕੁਝ ਵਰਤੋਂਕਾਰਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚੋਂ ਟਿਕਟ ਦੀ ਰਕਮ ਕੱਟ ਲਈ ਗਈ, ਪਰ ਤੁਰੰਤ ਟਿਕਟ ਪੱਕੀ ਹੋਣ ਦਾ ਸੁਨੇਹਾ ਨਹੀਂ ਮਿਲਿਆ। ਅਜਿਹੀ ਸਥਿਤੀ ਵਿੱਚ ਯਾਤਰੀਆਂ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਉਨ੍ਹਾਂ ਦੀ ਟਿਕਟ ਬੁੱਕ ਹੋਈ ਹੈ ਜਾਂ ਨਹੀਂ।ਜੇਕਰ IRCTC ਦੀ ਵੈੱਬਸਾਈਟ ਜਾਂ ਮੋਬਾਈਲ ਐਪ ਕੰਮ ਨਹੀਂ ਕਰ ਰਹੀ ਤਾਂ ਯਾਤਰੀ ਗਾਹਕ ਸੇਵਾ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ। ਇਸ ਲਈ 14646, 08044647999 ਅਤੇ 08035734999 ਨੰਬਰ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਯਾਤਰੀ etickets@irctc.co.in 'ਤੇ ਈਮੇਲ ਭੇਜ ਕੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜੇਕਰ ਕਿਸੇ ਯਾਤਰੀ ਨੂੰ ਯਾਤਰਾ ਲਈ ਤੁਰੰਤ ਟਿਕਟ ਦੀ ਲੋੜ ਹੈ ਤਾਂ ਉਹ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਤੋਂ ਵੀ ਟਿਕਟ ਬੁੱਕ ਕਰਵਾ ਸਕਦਾ ਹੈ।ਜੇਕਰ ਟਿਕਟ ਬੁੱਕ ਕਰਦੇ ਸਮੇਂ ਬੈਂਕ ਖਾਤੇ ਵਿੱਚੋਂ ਪੈਸੇ ਕੱਟ ਜਾਂਦੇ ਹਨ ਪਰ ਟਿਕਟ ਨਹੀਂ ਮਿਲਦੀ ਤਾਂ ਯਾਤਰੀਆਂ ਨੂੰ ਤੁਰੰਤ ਦੁਬਾਰਾ ਬੁਕਿੰਗ ਕਰਨ ਤੋਂ ਬਚਣਾ ਚਾਹੀਦਾ ਹੈ। ਸਭ ਤੋਂ ਪਹਿਲਾਂ IRCTC ਦੀ ਵੈੱਬਸਾਈਟ ਜਾਂ ਐਪ 'ਤੇ 'My Transactions' ਜਾਂ 'Booked Ticket History' ਵਿੱਚ ਜਾ ਕੇ ਆਪਣੀ ਟਿਕਟ ਦਾ ਸਟੇਟਸ ਚੈੱਕ ਕਰਨਾ ਚਾਹੀਦਾ ਹੈ। ਜੇਕਰ ਟਿਕਟ ਦੀ ਜਾਣਕਾਰੀ ਉੱਥੇ ਵੀ ਨਹੀਂ ਮਿਲਦੀ ਤਾਂ ਲੈਣ-ਦੇਣ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਗੂਗਲ ਕਰੋਮ ਬ੍ਰਾਊਜ਼ਰ ਰਾਹੀਂ ਵੈੱਬਸਾਈਟ ਨਹੀਂ ਚੱਲ ਰਹੀ ਤਾਂ ਯਾਤਰੀ ਮੋਜ਼ਿਲਾ ਫਾਇਰਫਾਕਸ ਜਾਂ ਪ੍ਰਾਈਵੇਟ ਬ੍ਰਾਊਜ਼ਿੰਗ ਰਾਹੀਂ ਵੀ ਕੋਸ਼ਿਸ਼ ਕਰ ਸਕਦੇ ਹਨ। IRCTC ਮੁਤਾਬਕ ਜੇਕਰ ਪੈਸੇ ਕੱਟਣ ਦੇ ਬਾਵਜੂਦ ਟਿਕਟ ਜਾਰੀ ਨਹੀਂ ਹੁੰਦੀ ਤਾਂ ਆਮ ਤੌਰ 'ਤੇ ਰਕਮ ਤਿੰਨ ਤੋਂ ਪੰਜ ਕੰਮਕਾਜੀ ਦਿਨਾਂ ਦੇ ਅੰਦਰ ਉਸੇ ਬੈਂਕ ਖਾਤੇ ਵਿੱਚ ਵਾਪਸ ਕਰ ਦਿੱਤੀ ਜਾਂਦੀ ਹੈ।IRCTC ਰੇਲ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਸਰਕਾਰੀ ਕੰਪਨੀ ਹੈ, ਜੋ ਆਨਲਾਈਨ ਰੇਲ ਟਿਕਟ ਬੁਕਿੰਗ, ਖਾਣ-ਪੀਣ ਅਤੇ ਸੈਰ-ਸਪਾਟੇ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਤਤਕਾਲ ਟਿਕਟਾਂ ਦੀ ਬੁਕਿੰਗ ਸਵੇਰੇ 10 ਵਜੇ ਅਤੇ 11 ਵਜੇ ਸ਼ੁਰੂ ਹੁੰਦੀ ਹੈ। ਇਸ ਸਮੇਂ ਵੱਡੀ ਗਿਣਤੀ ਵਿੱਚ ਯਾਤਰੀ ਇਕੱਠੇ ਵੈੱਬਸਾਈਟ ਅਤੇ ਐਪ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੀ ਟਿਕਟਾਂ ਦੀ ਮੰਗ ਕਾਫ਼ੀ ਵਧ ਜਾਂਦੀ ਹੈ। ਅਜਿਹੇ ਸਮੇਂ ਸਰਵਰ 'ਤੇ ਵਧੇਰੇ ਬੋਝ ਪੈਣ ਕਾਰਨ ਵੈੱਬਸਾਈਟ ਹੌਲੀ ਚੱਲਣ, ਲੌਗਇਨ ਕਰਨ ਅਤੇ ਟਿਕਟ ਬੁੱਕ ਕਰਨ ਵਿੱਚ ਦਿੱਕਤ ਆ ਸਕਦੀ ਹੈ।
Irctc Indian Railways Irctc Website Irctc App Train Ticket Booking Tatkal Ticket Booking Irctc Server Down High Load Error Railway News Online Ticket Booking Ticket Refund Indian Railway News