November 14, 2026
ਧਮਕੀ ਭਰੀ ਵੀਡੀਓ ਪੋਸਟ ਕਰਨ ਵਾਲਾ Crpf ਕਾਂਸਟੇਬਲ ਨੌਕਰੀ ਤੋਂ ਬਰਖ਼ਾਸਤ, ਉੱਚ ਅਧਿਕਾਰੀਆਂ ਵਿਰੁੱਧ ਦਿੱਤੀ ਸੀ ਖ਼ੂਨ-ਖ਼ਰਾਬੇ ਦੀ ਧਮਕੀ
Prabhsimran Singh / Jammu Kashmir
ਸੋਸ਼ਲ ਮੀਡੀਆ ’ਤੇ ਆਪਣੇ ਉੱਚ ਅਧਿਕਾਰੀਆਂ ਵਿਰੁੱਧ ਧਮਕੀ ਭਰੇ ਸੰਦੇਸ਼ ਪੋਸਟ ਕਰਨ ਦੇ ਦੋਸ਼ ਹੇਠ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਇੱਕ ਕਾਂਸਟੇਬਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਕਾਂਸਟੇਬਲ ਪਿਨਾਕ ਨਾਥ ਖ਼ਿਲਾਫ਼ ਇਹ ਕਾਰਵਾਈ ਵਿਭਾਗੀ ਜਾਂਚ ਪੂਰੀ ਹੋਣ ਤੋਂ ਬਾਅਦ 13 ਨਵੰਬਰ ਨੂੰ ਕੀਤੀ ਗਈ। ਉਸ ਨੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕਰਦਿਆਂ ਖ਼ੂਨ-ਖ਼ਰਾਬਾ ਕਰਨ ਅਤੇ ਇਸ ਤੋਂ ਬਾਅਦ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ‘ਦਿ ਟ੍ਰਿਬਿਊਨ’ ਵੱਲੋਂ ਦੇਖੀ ਗਈ ਸੋਸ਼ਲ ਮੀਡੀਆ ਪੋਸਟ ਅਨੁਸਾਰ, ਜੰਮੂ ਦੇ ਡੋਡਾ ਜ਼ਿਲ੍ਹੇ ਦੇ ਭਦਰਵਾਹ ਵਿੱਚ ਤਾਇਨਾਤ ਕਾਂਸਟੇਬਲ ਪਿਨਾਕ ਨਾਥ ਨੇ ਆਪਣੇ ਸੰਦੇਸ਼ ਵਿੱਚ ਗੰਭੀਰ ਧਮਕੀਆਂ ਦਿੱਤੀਆਂ ਸਨ। ਮਾਮਲੇ ਦਾ ਨੋਟਿਸ ਲੈਂਦਿਆਂ CRPF ਨੇ ਉਸ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੇ ਸਿੱਟਿਆਂ ਦੇ ਆਧਾਰ ’ਤੇ ਸ਼ੁੱਕਰਵਾਰ, 13 ਨਵੰਬਰ ਨੂੰ ਉਸ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ।ਘਟਨਾਕ੍ਰਮ ਤੋਂ ਜਾਣੂ ਸੂਤਰਾਂ ਮੁਤਾਬਕ ਪਿਨਾਕ ਨਾਥ ਕੁਝ ਸਾਲ ਪਹਿਲਾਂ ਹੀ CRPF ਵਿੱਚ ਭਰਤੀ ਹੋਇਆ ਸੀ ਅਤੇ ਉਹ ਫੋਰਸ ਦੀ 33ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਜੰਮੂ ਸੈਕਟਰ ਦੇ ਸੋਸ਼ਲ ਮੀਡੀਆ ਨਿਗਰਾਨੀ ਸੈੱਲ ਵੱਲੋਂ ਉਸ ਦੇ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਦੌਰਾਨ ਇੱਕ ਧਮਕੀ ਭਰੀ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ਵਿੱਚ ਉਸ ਨੇ ਕਥਿਤ ਤੌਰ ’ਤੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ 29 ਸਤੰਬਰ ਨੂੰ ਵਾਪਰੀ CISF ਦੇ ਜਵਾਨਾਂ ਦੀ ਆਪਸੀ ਗੋਲੀਬਾਰੀ ਦੀ ਘਟਨਾ ਦਾ ਜ਼ਿਕਰ ਕੀਤਾ ਸੀ। ਜ਼ਿਕਰਯੋਗ ਹੈ ਕਿ 29 ਸਤੰਬਰ ਨੂੰ ਕਠੂਆ ਦੇ ਸੇਵਾ-2 (Sewa-II) ਪਣ-ਬਿਜਲੀ ਪ੍ਰੋਜੈਕਟ ਯੂਨਿਟ ਵਿੱਚ ਤਾਇਨਾਤ CISF ਦੇ ਚਾਰ ਜਵਾਨਾਂ ਦੀ ਉਨ੍ਹਾਂ ਦੇ ਹੀ ਇੱਕ ਸਾਥੀ ਵੱਲੋਂ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਦਾ ਹਵਾਲਾ ਦਿੰਦਿਆਂ ਪਿਨਾਕ ਨਾਥ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਸੇ ਤਰ੍ਹਾਂ ਦਾ ਖ਼ੂਨ-ਖ਼ਰਾਬਾ ਕਰਨ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਵਾਰ-ਵਾਰ ਕਿਹਾ ਸੀ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਖੁਦਕੁਸ਼ੀ ਕਰ ਲਵੇਗਾ।CRPF ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ। ਅਧਿਕਾਰੀਆਂ ਮੁਤਾਬਕ ਅਜਿਹੀਆਂ ਧਮਕੀ ਭਰੀਆਂ ਪੋਸਟਾਂ ਦਾ ਫੋਰਸ ਦੇ ਹੋਰ ਜਵਾਨਾਂ ਦੇ ਮਨੋਬਲ ’ਤੇ ਮਾੜਾ ਅਸਰ ਪੈ ਸਕਦਾ ਹੈ। ਇੱਕ ਅਧਿਕਾਰੀ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਨੀਮ ਫੌਜੀ ਬਲਾਂ ਦੇ ਜਵਾਨਾਂ ਦੀਆਂ ਸੇਵਾਵਾਂ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ’ਤੇ ਨਿਯਮਤ ਤੌਰ ’ਤੇ ਨਜ਼ਰ ਰੱਖੀ ਜਾਂਦੀ ਹੈ। ਹਾਲਾਂਕਿ, ਕਿਸੇ ਵਿਅਕਤੀ ਦੀ ਮਾਨਸਿਕ ਸਥਿਤੀ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਸੰਭਵ ਨਹੀਂ ਹੁੰਦਾ।
Crpf Crpf Constable Pinak Nath Jammu Kashmir Doda Bhaderwah Kathua Cisf Central Reserve Police Force Social Media Threat Crpf Dismissal Departmental Inquiry Security Forces Sewa Ii Hydroelectric Project