November 22, 2026
ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਭਾਰਤ ਦਾ ਤੇਲ-ਗੈਸ ਦਰਾਮਦ ਬਿੱਲ 60 ਫੀਸਦੀ ਵਧਿਆ, ਅਕਤੂਬਰ ’ਚ 16 ਅਰਬ ਡਾਲਰ ’ਤੇ ਪੁੱਜਿਆ
Prabhsimran Singh / India
ਭਾਰਤ ਦੇ ਤੇਲ ਅਤੇ ਗੈਸ ਦਰਾਮਦ ਬਿੱਲ ਵਿੱਚ ਅਕਤੂਬਰ ਮਹੀਨੇ ਦੌਰਾਨ 60 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਹ ਬਿੱਲ ਵਧ ਕੇ 16 ਅਰਬ ਅਮਰੀਕੀ ਡਾਲਰ ਹੋ ਗਿਆ ਹੈ, ਜਦਕਿ ਅਕਤੂਬਰ 2025 ਵਿੱਚ ਇਹ 10 ਅਰਬ ਡਾਲਰ ਸੀ। ਪੈਟਰੋਲੀਅਮ ਮੰਤਰਾਲੇ ਅਧੀਨ ਆਉਂਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ.ਪੀ.ਏ.ਸੀ.) ਵੱਲੋਂ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਦਰਾਮਦ ਬਿੱਲ ਵਿੱਚ ਵਾਧੇ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਤੇਜ਼ੀ ਹੈ। ਬ੍ਰੈਂਟ ਕੱਚੇ ਤੇਲ ਦੀ ਔਸਤ ਕੀਮਤ ਸਾਲਾਨਾ ਆਧਾਰ ’ਤੇ ਲਗਪਗ ਦੁੱਗਣੀ ਹੋ ਕੇ 124.77 ਅਮਰੀਕੀ ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ। ਇਸ ਦੇ ਮੁਕਾਬਲੇ ਅਕਤੂਬਰ 2025 ਵਿੱਚ ਬ੍ਰੈਂਟ ਕੱਚੇ ਤੇਲ ਦੀ ਔਸਤ ਕੀਮਤ 64.75 ਡਾਲਰ ਪ੍ਰਤੀ ਬੈਰਲ ਸੀ। ਸਤੰਬਰ ਮਹੀਨੇ ਵਿੱਚ ਇਹ ਕੀਮਤ 116.77 ਡਾਲਰ ਪ੍ਰਤੀ ਬੈਰਲ ਦਰਜ ਕੀਤੀ ਗਈ ਸੀ।ਮਾਤਰਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਕਤੂਬਰ ਵਿੱਚ ਕੱਚੇ ਤੇਲ ਦੀ ਦਰਾਮਦ ਸਿਰਫ਼ 11 ਫੀਸਦੀ ਵਧ ਕੇ 2.33 ਕਰੋੜ ਟਨ ਰਹੀ। ਇਸ ਤੋਂ ਸਪੱਸ਼ਟ ਹੈ ਕਿ ਦਰਾਮਦ ਬਿੱਲ ਵਿੱਚ ਵੱਡੇ ਵਾਧੇ ਪਿੱਛੇ ਤੇਲ ਦੀਆਂ ਵਧੀਆਂ ਕੀਮਤਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਦੌਰਾਨ ਤਰਲੀਕ੍ਰਿਤ ਕੁਦਰਤੀ ਗੈਸ (ਐੱਲ.ਐੱਨ.ਜੀ.) ਦੀ ਦਰਾਮਦ ’ਤੇ 1.3 ਅਰਬ ਡਾਲਰ ਖ਼ਰਚ ਕੀਤੇ ਗਏ, ਜਦਕਿ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ਤੋਂ ਭਾਰਤ ਨੂੰ 6.3 ਅਰਬ ਡਾਲਰ ਦੀ ਕਮਾਈ ਹੋਈ। ਭਾਰਤੀ ਬਾਸਕੇਟ ਦੇ ਕੱਚੇ ਤੇਲ ਦੀ ਔਸਤ ਕੀਮਤ ਵੀ ਅਕਤੂਬਰ ਵਿੱਚ ਵਧ ਕੇ 119.91 ਡਾਲਰ ਪ੍ਰਤੀ ਬੈਰਲ ਰਹੀ, ਜੋ ਅਕਤੂਬਰ 2025 ਵਿੱਚ 65.08 ਡਾਲਰ ਪ੍ਰਤੀ ਬੈਰਲ ਸੀ।ਚਾਲੂ ਵਿੱਤੀ ਸਾਲ ਦੇ ਅਪਰੈਲ ਤੋਂ ਅਕਤੂਬਰ ਤੱਕ ਦੇ ਸੱਤ ਮਹੀਨਿਆਂ ਦੌਰਾਨ ਭਾਰਤ ਦਾ ਸ਼ੁੱਧ ਤੇਲ ਅਤੇ ਗੈਸ ਦਰਾਮਦ ਬਿੱਲ ਵਧ ਕੇ 97.7 ਅਰਬ ਡਾਲਰ ਹੋ ਗਿਆ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 70.3 ਅਰਬ ਡਾਲਰ ਸੀ। ਇਸ ਤਰ੍ਹਾਂ ਸਾਲਾਨਾ ਆਧਾਰ ’ਤੇ ਦਰਾਮਦ ਬਿੱਲ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਮਾਤਰਾ ਦੇ ਹਿਸਾਬ ਨਾਲ ਕੱਚੇ ਤੇਲ ਦੀ ਦਰਾਮਦ ਵਿੱਚ 2.7 ਫੀਸਦੀ ਦਾ ਵਾਧਾ ਹੋਇਆ, ਪਰ ਇਸ ’ਤੇ ਹੋਣ ਵਾਲਾ ਖ਼ਰਚ 72.3 ਅਰਬ ਡਾਲਰ ਤੋਂ ਵਧ ਕੇ 111 ਅਰਬ ਡਾਲਰ ਹੋ ਗਿਆ।ਪੀ.ਪੀ.ਏ.ਸੀ. ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਤਰਲ ਪੈਟਰੋਲੀਅਮ ਗੈਸ (ਐੱਲ.ਪੀ.ਜੀ.) ਦੀ ਖਪਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਅਕਤੂਬਰ ਮਹੀਨੇ ਦੌਰਾਨ ਐੱਲ.ਪੀ.ਜੀ. ਦੀ ਖਪਤ 12.3 ਫੀਸਦੀ ਘਟੀ, ਜਦਕਿ ਅਪਰੈਲ ਤੋਂ ਅਕਤੂਬਰ ਤੱਕ ਦੇ ਸਮੇਂ ਵਿੱਚ ਇਹ ਗਿਰਾਵਟ 15.1 ਫੀਸਦੀ ਰਹੀ। ਪਹਿਲੀ ਨਵੰਬਰ ਨੂੰ ਦੇਸ਼ ਵਿੱਚ ਸਰਗਰਮ ਘਰੇਲੂ ਐੱਲ.ਪੀ.ਜੀ. ਗਾਹਕਾਂ ਦੀ ਗਿਣਤੀ 32.6 ਕਰੋੜ ਰਹਿ ਗਈ, ਜਦਕਿ ਪਹਿਲੀ ਅਪਰੈਲ ਨੂੰ ਇਹ ਗਿਣਤੀ 33.4 ਕਰੋੜ ਸੀ। ਇਸੇ ਤਰ੍ਹਾਂ ਸਰਕਾਰੀ ਤੇਲ ਕੰਪਨੀਆਂ ਦੀ ਘਰੇਲੂ ਐੱਲ.ਪੀ.ਜੀ. ਵਿਕਰੀ ਵਿੱਚ ਅਕਤੂਬਰ ਦੌਰਾਨ 11.8 ਫੀਸਦੀ ਦੀ ਕਮੀ ਆਈ। ਥੋਕ ਐੱਲ.ਪੀ.ਜੀ. ਵਿਕਰੀ ਵਿੱਚ ਵੀ 49.1 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਸ ਦੇ ਉਲਟ ਆਟੋ ਐੱਲ.ਪੀ.ਜੀ. ਦੀ ਵਿਕਰੀ ਵਿੱਚ 23.9 ਫੀਸਦੀ ਦਾ ਵਾਧਾ ਹੋਇਆ ਹੈ।
India Oil Import Natural Gas Imports Oil Import Bill Crude Oil Prices Brent Crude Petroleum Ministry Ppac Data Lpg Consumption Lng Imports Petroleum Exports Indian Economy Energy Sector